ਸ਼ਹੀਦ ਭਗਤ ਸਿੰਘ ਦੇ 118ਵੇਂ ਜਨਮ ਦਿਵਸ ਮੌਕੇ ਅੱਜ ਜਗਰਾਉਂ ਅਤੇ ਭੂੰਦੜੀ ਵਿੱਚ ਮਜ਼ਦੂਰਾਂ ਨੇ ਸਮਾਗਮ ਕੀਤੇ। ਜਗਰਾਉਂ ਵਿੱਚ ਮਾਰਬਲ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਜਦਕਿ ਭੂੰਦੜੀ ਵਿਖੇ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੀ ਅਗਵਾਈ ਹੇਠ ਸ਼ਰਧਾਂਜਲੀ ਭੇਟ ਕੀਤੀ ਗਈ। ਮਜ਼ਦੂਰਾਂ ਨੇ ਇਕ ਦੂਜੇ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਦੀ ਮੁਬਾਰਕਬਾਦ ਦਿੱਤੀ। ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ ਨੇ ਇਸ ਮੌਕੇ ਕਿਹਾ ਕਿ ਅੰਗਰੇਜ਼ ਹਕੂਮਤ ਖ਼ਿਲਾਫ਼ ਇਨਕਲਾਬੀ ਪਾਰਟੀ ਬਣਾ ਕੇ ਸੰਗਰਾਮ ਕਰਨ ਵਾਲਾ ਯੋਧਾ ਭਗਤ ਸਿੰਘ ਮੌਤ ਤੋਂ ਤਾਂ ਬੇਖੋਫ਼ ਸੀ ਪਰ ਸਭ ਤੋਂ ਵੱਧ ਵਿਚਾਰਵਾਨ, ਦੂਰਦਰਸ਼ੀ ਅਤੇ ਚਿੰਤਕ ਵੀ ਸੀ। ਉਸ ਨੇ ਆਪਣੇ ਚਿੰਤਨ ਰਾਹੀਂ ਹੀ ਇਹ ਸੰਕਲਪ ਉਭਾਰਿਆ ਸੀ ਕਿ ‘ਸਾਡਾ ਸੰਘਰਸ਼ ਉਦੋਂ ਤਕ ਜਾਰੀ ਹੈ ਜਦ ਤਕ ਇਸ ਧਰਤੀ ’ਤੇ ਬੰਦੇ ਹੱਥੋਂ ਬੰਦੇ ਦੀ ਲੁੱਟ ਜਾਰੀ ਹੈ’। ਉਨ੍ਹਾਂ ਕਿਹਾ ਕਿ ਭਗਤ ਸਿੰਘ ਦਾ ਕਥਨ ਸੀ ਕਿ ਸਾਡੇ ਨੌਜਵਾਨਾਂ ਨੂੰ ਆਪਣੀਆਂ ਜ਼ਿੰਦਗੀਆਂ ਮਜ਼ਦੂਰਾਂ ਦੀਆਂ ਝੁੱਗੀਆਂ ਵਿੱਚ ਬਿਤਾਉਣੀਆਂ ਪੈਣਗੀਆਂ ਅਤੇ ਉਨ੍ਹਾਂ ਨੂੰ ਆਉਣ ਵਾਲੇ ਇਨਕਲਾਬ ਦਾ ਅਰਥ ਸਮਝਾਉਣਾ ਹੋਵੇਗਾ। ਇਸ ਸਮੇਂ ਮੁਕੇਸ਼ ਕੁਮਾਰ, ਵਿਨੋਦ ਕੁਮਾਰ, ਸੰਜੇ ਕੁਮਾਰ, ਤੁਲਸੀ ਦਾਸ, ਨਵਲ ਕਿਸ਼ੋਰ, ਜਤਿੰਦਰ ਕੁਮਾਰ ਆਦਿ ਹਾਜ਼ਰ ਸਨ। ਇਸੇ ਤਰ੍ਹਾਂ ਭੂੰਦੜੀ ਦੇ ਸ਼ਹੀਦ ਭਗਤ ਸਿੰਘ ਯਾਦਗਾਰੀ ਹਾਲ ਵਿਖੇ ਸਮਾਗਮ ਨੂੰ ਪ੍ਰਧਾਨ ਸੁਖਦੇਵ ਸਿੰਘ ਭੂੰਦੜੀ ਤੇ ਹੋਰਨਾਂ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸ਼ਹੀਦ ਜੋ ਪਾੜਾ ਮਿਟਾਉਣ ਦੀ ਸੋਚ ਰੱਖਦੇ ਸਨ ਉਹ ਸਮੇਂ ਦੇ ਨਾਲ ਹੋਰ ਵਧ ਗਿਆ ਹੈ। ਸਮਾਜ ਵਿੱਚ ਬਰਾਬਰਤਾ ਤੇ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਉਨ੍ਹਾਂ ਨੌਜਵਾਨਾਂ ਨੂੰ ਮੂਹਰੇ ਲੱਗਣ ਦਾ ਸੁਨੇਹਾ ਦਿੱਤਾ। ਇਸ ਸਮੇਂ ਦਿਲਬਾਗ ਸਿੰਘ ਕੋਟਮਾਨਾ, ਕੁਲਦੀਪ ਸਿੰਘ, ਹਰਬੰਸ ਸਿੰਘ, ਪਰਮਜੀਤ ਸਿੰਘ ਰਾਊਵਾਲ, ਬੱਗਾ ਸਿੰਘ, ਪਿਆਰਾ ਸਿੰਘ ਰਾਣਕੇ, ਕਸ਼ਮੀਰ ਸਿੰਘ, ਮੁਖਤਿਆਰ ਸਿੰਘ ਰਾਮਪੁਰਾ, ਜੇਠਾ ਸਿੰਘ ਤਲਵੰਡੀ ਹਾਜ਼ਰ ਸਨ।
+
Advertisement
Advertisement
Advertisement
Advertisement
Advertisement
×