ਅੱਚਰਵਾਲ ਵਿੱਚ ਗ਼ਦਰ ਤੇ ਕੂਕਾ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ
ਸ਼ਹੀਦਾਂ ਦੇ ਨਗਰ ਵਜੋਂ ਜਾਣੇ ਜਾਂਦੇ ਪਿੰਡ ਅੱਚਰਵਾਲ ਵਿੱਚ ਦਹਿਸ਼ਤਗਰਦਾਂ ਵੱਲੋਂ 33 ਸਾਲ ਪਹਿਲਾਂ ਬੱਸੀਆਂ-ਝੋਰੜਾਂ ਸੜਕ ਤੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤੇ ਨਕਸਲਬਾੜੀ ਲਹਿਰ ਦੇ ਆਗੂ ਕਾਮਰੇਡ ਅਮਰ ਸਿੰਘ ਅੱਚਰਵਾਲ ਅਤੇ ਗ਼ਦਰ ਲਹਿਰ ਦੇ ਸ਼ਹੀਦ ਪੰਡਿਤ ਗੋਧੀ ਰਾਮ, ਸ਼ਹੀਦ ਕੇਹਰ ਸਿੰਘ, ਸ਼ਹੀਦ ਦਾਨ ਸਿੰਘ, ਸ਼ਹੀਦ ਮੱਲਾ ਸਿੰਘ, ਸ਼ਹੀਦ ਅਮਰ ਸਿੰਘ, ਸ਼ਹੀਦ ਹਜ਼ਾਰਾ ਸਿੰਘ ਅਤੇ ਕੂਕਾ ਲਹਿਰ ਦੇ ਸ਼ਹੀਦ ਬਾਬਾ ਰਾਮ ਸਿੰਘ, ਸ਼ਹੀਦ ਬਾਬਾ ਮਹਿਤਾਬ ਸਿੰਘ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਸ਼ਹੀਦਾਂ, ਯੋਧਿਆਂ ਅਤੇ ਲੋਕ ਸੰਘਰਸ਼ਾਂ ਦੀ ਧਰਤੀ ਉੱਪਰ ਸਹੀਦੀ ਯਾਦਗਾਰ ਕਮੇਟੀ ਵੱਲੋਂ ਗਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਪਿੰਡ ਵਾਸੀਆਂ ਵੱਲੋਂ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਮਾਰਕਸਵਾਦੀ ਇਨਕਲਾਬੀ ਪਾਰਟੀ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ, ਇਨਕਲਾਬੀ ਕੇਂਦਰ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਨਿਰਭੈ ਸਿੰਘ ਢੁੱਡੀਕੇ ਅਤੇ ਸੀ.ਪੀ.ਆਈ (ਐੱਮ.ਐੱਲ) ਲਿਬਰੇਸ਼ਨ ਦੇ ਆਗੂ ਸੁਖਦਰਸ਼ਨ ਨੱਤ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਸ਼ਹੀਦੀ ਯਾਦਗਾਰ ’ਤੇ ਲਾਲ ਝੰਡਾ ਲਹਿਰਾਉਣ ਦੀ ਰਸਮ ਨਿਭਾਉਣ ਬਾਅਦ ਲੋਕ ਕਲਾ ਮੰਚ ਮਾਨਸਾ ਦੀ ਨਾਟਕ ਟੀਮ ਵੱਲੋਂ ਗ਼ਦਰੀ ਸੂਰਬੀਰ ਬੀਬੀ ਗੁਲਾਬ ਕੌਰ ਦੀ ਵਿਛੋੜਾ ਸ਼ਤਾਬਦੀ ਅਤੇ ਉਨ੍ਹਾਂ ਦੇ ਜੀਵਨ ਸੰਗਰਾਮ ਨੂੰ ਦਰਸਾਉਂਦਾ ਨਾਟਕ ‘ਚਰਖਾ ਘੂਕਦਾ ਰੱਖੀਂ ਜਿੰਦੇ’ ਖੇਡਿਆ ਗਿਆ।
ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਜਨਤਕ ਜਥੇਬੰਦੀਆਂ ਅਤੇ ਪਾਰਟੀਆਂ ਦੇ ਸੂਬਾਈ ਆਗੂਆਂ ਨੇ ਸੰਬੋਧਨ ਕਰਦਿਆਂ ਪੰਜਾਬ ਸਮੇਤ ਦੂਜੇ ਸੂਬਿਆਂ ਵਿੱਚ ਹੜ੍ਹਾਂ ਨਾਲ ਹੋਈਆਂ ਮੌਤਾਂ, ਹਜ਼ਾਰਾਂ ਏਕੜ ਫ਼ਸਲਾਂ, ਘਰਾਂ, ਮਾਲ-ਡੰਗਰ ਦੇ ਨੁਕਸਾਨ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਪੀੜਤ ਪਰਿਵਾਰਾਂ ਦੀ ਸਹਾਇਤਾ ਲਈ ਸਹਾਇਤਾ ਕਰਨ ਸਮੇਤ ਨੁਕਸਾਨ ਦੀ ਪੂਰੀ ਮੁਆਵਜ਼ਾ ਰਾਸ਼ੀ ਜਾਰੀ ਕਰਾਉਣ ਲਈ ਸੰਘਰਸ਼ ਤੇਜ਼ ਕਰਨ ਦਾ ਸੱਦਾ ਦਿੱਤਾ। ਬੁਲਾਰਿਆਂ ਨੇ ਫ਼ਲਸਤੀਨੀ ਲੋਕਾਂ ਨੂੰ ਬਾਰੂਦ ਦੇ ਜ਼ੋਰ ਨਾਲ ਗਾਜਾ ਪੱਟੀ ਵਿੱਚੋਂ ਉਜਾੜ ਦੇਣ ਅਤੇ ਤਬਾਹ ਕਰ ਕੇ ਅਮਰੀਕਨ ਸਾਮਰਾਜ ਵੱਲੋਂ ਸੈਰਗਾਹ ਬਣਾਉਣ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦਾ ਸੱਦਾ ਸੱਦਾ। ਬੁਲਾਰਿਆਂ ਨੇ ਗਾਜਾ ਪੱਟੀ ਵਿੱਚ ਸੱਤਰ ਹਜ਼ਾਰ ਲੋਕਾਂ ਨੂੰ ਵਹਿਸ਼ੀ ਢੰਗ ਨਾਲ ਮਾਰ ਦੇਣ, ਬੱਚਿਆਂ ਸਮੇਤ ਹੋਰ ਲੋਕਾਂ ਨੂੰ ਭੁੱਖਮਰੀ ਵੱਲ ਧੱਕਣ, ਪੱਤਰਕਾਰਾਂ ਅਤੇ ਡਾਕਟਰਾਂ ਮਾਰ ਦੇਣ ਦੀ ਜ਼ੋਰਦਾਰ ਨਿੰਦਾ ਕੀਤੀ। ਉਨ੍ਹਾਂ ਮੱਧ ਭਾਰਤ ਦੇ ਸੂਬਿਆਂ ਵਿੱਚ ਨਕਸਲਵਾਦ ਨੂੰ ਖ਼ਤਮ ਕਰਨ ਦੀ ਆੜ ਹੇਠ ਝੂਠੇ ਪੁਲੀਸ ਮੁਕਾਬਲਿਆਂ, ਤਾਨਾਸ਼ਾਹ ਜਬਰ, ਘੱਟ-ਗਿਣਤੀਆਂ ਖ਼ਿਲਾਫ਼ ਜਬਰ ਅਤੇ ਹਰ ਵਿਰੋਧੀ ਅਵਾਜ਼ ਨੂੰ ਦਬਾਉਣ ਵਿਰੁੱਧ ਉੱਠਣ ਦਾ ਸੱਦਾ ਦਿੱਤਾ।