ਖੇਤਰੀ ਪ੍ਰਤੀਨਿਧ
ਲੁਧਿਆਣਾ, 2 ਜੁਲਾਈ
ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਹਰਿਆਵਲ ਘੇਰੇ ਨੂੰ ਵਧਾਉਣ ਲਈ ਬੂਟੇ ਲਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਇਸ ਮਹੀਨੇ ਵਿਚ ਜੰਗਲਾਤ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਵੱਡੇ ਪੱਧਰ ’ਤੇ ਬੂਟੇ ਲਾਏ ਜਾਣਗੇ। ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਮਰਜੀਤ ਬੈਂਸ ਦੀ ਪ੍ਰਧਾਨਗੀ ਹੇਠ ਸਥਾਨਕ ਬੱਚਤ ਭਵਨ ਵਿਖੇ ਸਮੀਖਿਆ ਮੀਟਿੰਗ ਹੋਈ। ਇਸ ਵਿੱਚ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨਾਲ ਜ਼ਿਲ੍ਹੇ ਵਿੱਚ ਵੱਧ ਤੋਂ ਵੱਧ ਬੂਟੇ ਲਗਾਉਣ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ। ਉਨ੍ਹਾ ਵੱਖ-ਵੱਖ ਵਿਭਾਗਾਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਲੋੜੀਂਦੇ ਬੂਟਿਆਂ ਦੀ ਸੂਚੀ ਸਬੰਧੀ ਜੰਗਲਾਤ ਵਿਭਾਗ ਦੇ ਨਾਲ-ਨਾਲ ਦਫ਼ਤਰ ਵਧੀਕ ਡਿਪਟੀ ਕਮਿਸ਼ਨਰ ਨੂੰ ਵੀ ਸੂਚਿਤ ਕਰਨਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਉਨ੍ਹਾਂ ਦੇ ਨਾਲ ਆਈ.ਏ.ਐਸ (ਅੰਡਰ ਟ੍ਰੇਨਿੰਗ) ਡਾ. ਪ੍ਰਗਤੀ ਰਾਣੀ ਵੀ ਮੌਜੂਦ ਸਨ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੌਨਸੂਨ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਜੰਗਲਾਤ ਹੇਠ ਰਕਬਾ ਵਧਾਉਣ ਲਈ ਇਸ ਮੁਹਿੰਮ ਨੂੰ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ। ਜੰਗਲਾਤ ਵਿਭਾਗ ਅਧੀਨ ਜ਼ਿਲ੍ਹੇ ਦੀਆਂ 14 ਨਰਸਰੀਆਂ ਵੱਲੋਂ ਫਲਦਾਰ, ਛਾਂਦਾਰ, ਸਜਾਵਟੀ ਆਦਿ ਕਿਸਮਾਂ ਦੇ ਬੂਟੇ ਮੁਹੱਈਆ ਕਰਵਾਏ ਜਾਣਗੇ। ਇਹ ਬੂਟੇ ਪੰਚਾਇਤੀ ਜ਼ਮੀਨਾਂ, ਪਿੰਡਾਂ ਦੇ ਛੱਪੜਾਂ ਦੇ ਆਲੇ-ਦੁਆਲੇ, ਸੜਕਾਂ ਦੇ ਕਿਨਾਰਿਆਂ, ਵਿੱਦਿਅਕ ਸੰਸਥਾਵਾਂ, ਸਿਹਤ ਸੰਭਾਲ ਕੇਂਦਰਾਂ, ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਦੇ ਟਿਊਬਵੈਲਾਂ ’ਤੇ ਅਤੇ ਹਰੇਕ ਵਿਭਾਗ ਵੱਲੋਂ ਉਨ੍ਹਾਂ ਦੀਆਂ ਖਾਲੀ ਪਈਆਂ ਜ਼ਮੀਨਾਂ ’ਤੇ ਹਰਿਆਲੀ ਵਧਾਉਣ ਲਈ ਲਗਾਏ ਜਾਣਗੇ। ਉਨ੍ਹਾਂ ਮੁਖੀਆਂ ਨੂੰ ਕਿਹਾ ਕਿ ਉਹ ਆਪਣੇ-ਆਪਣੇ ਵਿਭਾਗਾਂ ਵਿੱਚ ਨੋਡਲ ਅਫ਼ਸਰ ਨਿਯੁਕਤ ਕਰਨ ਤਾਂ ਜੋ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਹਰੇਕ ਵਿਭਾਗ ਨੂੰ ਟੀਚੇ ਦੀ ਪ੍ਰਾਪਤੀ ਲਈ ਡੂੰਘੀ ਦਿਲਚਸਪੀ ਲੈਣੀ ਚਾਹੀਦੀ ਹੈ। ਉਨ੍ਹਾਂ ਵਾਤਾਵਰਨ ਦੀ ਸੰਭਾਲ, ਹਵਾ ਦੀ ਗੁਣਵੱਤਾ ਵਿੱਚ ਸੁਧਾਰ, ਪਾਣੀ ਅਤੇ ਮਿੱਟੀ ਦੀ ਸਿਹਤ ਨੂੰ ਬਚਾਉਣ ਵਿੱਚ ਰੁੱਖਾਂ ਦੀ ਅਹਿਮ ਭੂਮਿਕਾ ’ਤੇ ਵੀ ਜ਼ੋਰ ਦਿੱਤਾ । ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੂਟੇ ਲਗਾਉਣ ਦੇ ਚਾਹਵਾਨ ਜ਼ਿਲ੍ਹੇ ਦੀਆਂ ਵੱਖ-ਵੱਖ ਨਰਸਰੀਆਂ ਤੋਂ ਬੂਟੇ ਪ੍ਰਾਪਤ ਕਰ ਸਕਦੇ ਹਨ ਜਿਸ ਤਹਿਤ ਦੋਰਾਹਾ ਰੇਂਜ ਅਧੀਨ ਦੋਰਾਹਾ ਅਤੇ ਖੰਨਾ ਦੀ ਨਰਸਰੀ ਲਈ ਅਭੀਸ਼ੇਕ ਸ਼ਰਮਾ (81980-81888) ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਧਮੋਟ ਨਰਸਰੀ ਵਿਚ ਮਨਪ੍ਰੀਤ ਸਿੰਘ (8728900384), ਜਗਰਾਉਂ ਰੇਂਜ ਵਿਖੇ ਅਲੀਗੜ੍ਹ ਨਰਸਰੀ ਲਈ ਨੀਰਜ਼ ਕੁਮਾਰ (98555-08088), ਅਖਾੜਾ ਨਰਸਰੀ ਲਈ ਕੁਲਵਿੰਦਰ ਕੁਮਾਰ (87280-00837), ਸਿੱਧਵਾਂ ਬੇਟ ਨਰਸਰੀ ਲਈ ਲਵਪ੍ਰੀਤ ਕੌਰ (70319-99992) ਅਤੇ ਸੁਧਾਰ ਨਰਸਰੀ ਲਈ ਅਵਤਾਰ ਸਿੰਘ (98141-00098) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਮੱਤੇਵਾੜਾ ਰੇਂਜ ਵਿਖੇ ਮੱਤੇਵਾੜਾ ਨਰਸਰੀ ਲਈ ਜਸਵੀਰ ਸਿੰਘ (98551-00186) ਅਤੇ ਸਲੇਮਪੁਰ ਨਰਸਰੀ ਲਈ ਮੁਹੰਮਦ ਮੁਸਤਫਾ (80140-77771) ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਲੁਧਿਆਣਾ ਰੇਂਜ ਦੀ ਨਰਸਰੀ ਬੱਦੋਵਾਲ ਲਈ ਬਲਵਿੰਦਰ ਸਿੰਘ (75269-68214), ਜੁਗਿਆਣਾ ਨਰਸਰੀ ਲਈ ਸੰਦੀਪ ਸਿੰਘ (81461-20001) ਨੰਬਰਾਂ ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਸਮਰਾਲਾ ਵਿਖੇ ਸਮਰਾਲਾ ਨਰਸਰੀ ਲਈ ਸੁਨੀਲ ਕੰਬੋਜ (98772-01862), ਗੜ੍ਹੀ ਨਰਸਰੀ ਲਈ ਏਕਮ ਸਿੰਘ (98554-66653) ਅਤੇ ਮੰਡ ਸੁੱਖੇਵਾਲ ਨਰਸਰੀ ਲਈ ਜਸਪ੍ਰੀਤ ਸਿੰਘ (98780-30929) ’ਤੇ ਸੰਪਰਕ ਕੀਤਾ ਜਾ ਸਕਦਾ ਹੈ।