ਪੀਏਯੂ ਦੇ ਡਾਇਰੈਕਟੋਰੇਟ ਪਾਸਾਰ ਸਿੱਖਿਆ ਦੀ ਅਗਵਾਈ ਹੇਠ, ਪਾਸਾਰ ਸਿੱਖਿਆ ਵਿਭਾਗ ਨੇ ਪਿੰਡ ਪੋਨਾ, ਜ਼ਿਲ੍ਹਾ ਲੁਧਿਆਣਾ ਵਿੱਚ ਸਾਉਣੀ ਦੀਆਂ ਫ਼ਸਲਾਂ ਵਿੱਚ ਸੰਯੁਕਤ ਕੀਟ ਪ੍ਰਬੰਧਨ ਬਾਰੇ ਇੱਕ ਸਿਖਲਾਈ ਪ੍ਰੋਗਰਾਮ ਕਰਵਾਇਆ। ਇਸ ਸਿਖਲਾਈ ਵਿੱਚ ਲਗਪਗ 50 ਕਿਸਾਨਾਂ ਨੇ ਸਰਗਰਮੀ ਨਾਲ ਹਿੱਸਾ ਲਿਆ।
ਭਾਗੀਦਾਰਾਂ ਦਾ ਸਵਾਗਤ ਕਰਦੇ ਹੋਏ ਸੀਨੀਅਰ ਪਸਾਰ ਵਿਗਿਆਨੀ ਡਾ. ਧਰਮਿੰਦਰ ਸਿੰਘ ਨੇ ਸਿਫਾਰਸ਼ ਕੀਤੀਆਂ ਫਸਲਾਂ ਦੀਆਂ ਕਿਸਮਾਂ ਨੂੰ ਅਪਣਾਉਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਅਤੇ ਉਨ੍ਹਾਂ ਨੂੰ ਮਿੱਟੀ ਦੀ ਸਿਹਤ ਪ੍ਰਬੰਧਨ ਲਈ ਪਰਾਲੀ ਦੇ ਖੇਤ ਵਿਚ ਸੰਭਾਲ ਅਭਿਆਸਾਂ ਨੂੰ ਅਪਣਾਉਣ ਦੀ ਅਪੀਲ ਕੀਤੀ।
ਸੀਨੀਅਰ ਕੀਟ ਵਿਗਿਆਨੀ ਡਾ. ਰਵਿੰਦਰ ਸਿੰਘ ਚੰਦੀ ਨੇ ਸਾਉਣੀ ਦੀਆਂ ਫਸਲਾਂ, ਖਾਸ ਕਰਕੇ ਝੋਨੇ ਵਿੱਚ ਕੀਟ ਪ੍ਰਬੰਧਨ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਨੇ ਤਣੇ ਦੀ ਗੁਲਾਬੀ ਸੁੰਡੀ ਅਤੇ ਭੂਰੇ ਟਿੱਡੇ ਦੀ ਰੋਕਥਾਮ ਦੇ ਢੰਗਾਂ ਉੱਪਰ ਚਾਨਣਾ ਪਾਇਆ।
ਹਾਜ਼ਰ ਕਿਸਾਨਾਂ ਅਤੇ ਮਾਹਿਰਾਂ ਦਾ ਧੰਨਵਾਦ ਕਰਦਿਆਂ ਡਾ. ਲਖਵਿੰਦਰ ਕੌਰ ਨੇ ਕਿਸਾਨਾਂ ਨੂੰ ਪੀ ਏ ਯੂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਨਾਲ ਮਜ਼ਬੂਤ ਸਬੰਧ ਸਥਾਪਤ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਸਾਨਾਂ ਨੂੰ ਪੀ ਏ ਯੂ ਕਿਸਾਨ ਐਪ ਅਤੇ ਡਿਜੀਟਲ ਖੇਤੀ ਸੰਦੇਸ਼ ਆਦਿ ਪਹਿਲਕਦਮੀਆਂ ਬਾਰੇ ਵੀ ਜਾਣੂ ਕਰਵਾਇਆ। ਇਸ ਤੋਂ ਇਲਾਵਾ ਉਨ੍ਹਾਂ ਨੂੰ ਪੀ ਏ ਯੂ ਕਿਸਾਨ ਕਲੱਬ ਵਿੱਚ ਸ਼ਾਮਲ ਹੋਣ ਅਤੇ ਰਸਾਲਿਆਂ ਦੀ ਗਾਹਕੀ ਲੈਣ ਬਾਰੇ ਪ੍ਰੇਰਿਤ ਕੀਤਾ।