ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਪੰਜਾਬ ਦੇ ਕਿਸਾਨ ਅਤੇ ਕਿਸਾਨਾਂ ਬੀਬੀਆਂ ਲਈ ਮਾਈਕਰੋਬਾਇਓਲੋਜੀ ਵਿਭਾਗ, ਪੀ ਏ ਯੂ ਦੇ ਸਹਿਯੋਗ ਨਾਲ ਪੰਜ ਦਿਨਾਂ ਸਿਖਲਾਈ ਕੋਰਸ ਸਰਦ ਰੁੱਤ ਦੀਆਂ ਖੁੰਬਾਂ ਦੀ ਕਾਸ਼ਤ ਬਾਰੇ ਕਰਵਾਇਆ ਗਿਆ। ਸਕਿੱਲ ਡਿਵੈਲਪਮੈਂਟ ਦੇ ਸਹਿਯੋਗੀ ਨਿਰਦੇਸ਼ਕ ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਖੁੰਬਾਂ ਦੀ ਕਾਸ਼ਤ ਸਬੰਧੀ ਸਿਖਲਾਈ ਕੋਰਸ ਦਾ ਇਹ ਦੂਸਰਾ ਬੈਚ ਲਗਾਇਆ ਗਿਆ। ਇਸ ਸਿਖਲਾਈ ਕੋਰਸ ਵਿੱਚ 16 ਜ਼ਿਲ੍ਹਿਆਂ ਤੋਂ 76 ਸਿਖਿਆਰਥੀਆਂ ਨੇ ਹਿੱਸਾ ਲਿਆ।
ਇਸ ਕੋਰਸ ਦੇ ਸਮਾਪਤੀ ਸਮਾਰੋਹ ਵਿਚ ਖਾਸ ਤੌਰ ਤੇ ਸ਼ਾਮਿਲ ਹੋਏ ਮਾਰਕੀਟ ਕਮੇਟੀ ਲੁਧਿਆਣਾ ਦੇ ਚੇਅਰਮੈਨ ਗੁਰਜੀਤ ਸਿੰਘ ਗਿੱਲ ਨੇ ਕਿਹਾ ਕਿ ਸਿਖਿਆਰਥੀ ਇਸ ਕੋਰਸ ਦਾ ਵੱਧ ਤੋਂ ਵੱਧ ਲਾਹਾ ਲੈਣ। ਕੋਰਸ ਕੋਆਰਡੀਨੇਟਰ ਡਾ. ਕੁਲਵੀਰ ਕੌਰ ਨੇ ਕਿਹਾ ਕਿ ਸਮੇਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਖੁੰਬਾਂ ਦੀ ਕਾਸ਼ਤ ਕਰਕੇ ਕਿਸਾਨ ਵੱਧ ਤੋਂ ਵੱਧ ਮੁਨਾਫਾ ਕਮਾ ਸਕਦੇ ਹਨ। ਉਹਨਾਂ ਨੇ ਖੇਤੀ ਆਮਦਨ ਵਧਾਉਣ ਵਿੱਚ ਸਹਾਇਕ ਧੰਦਿਆਂ ਦੀ ਮੁੱਖ ਭੂਮਿਕਾ ਬਾਰੇ ਵਿਚਾਰ ਸਾਂਝੇ ਕੀਤੇ। ਇਸ ਕੋਰਸ ਦੇ ਤਕਨੀਕੀ ਮਾਹਿਰ ਡਾ. ਸ਼ਿਵਾਨੀ ਸ਼ਰਮਾ ਅਤੇ ਡਾ. ਜਸਪ੍ਰੀਤ ਕੌਰ ਨੇ ਦੱਸਿਆ ਕਿ ਸਿਖਿਆਰਥੀਆਂ ਨਾਲ ਪਰਾਲੀ ਵਾਲੀਆਂ ਖੁੰਬਾਂ, ਮਿਲਕੀ ਖੁੰਬਾਂ, ਢੀਂਗਰੀ ਅਤੇ ਸ਼ਿਟਾਂਕੀ ਖੁੰਬਾਂ ਉਗਾਉਣ ਬਾਰੇ ਪ੍ਰੈਕਟੀਕਲ ਤਰੀਕੇ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਡਾ. ਜਸਪ੍ਰੀਤ ਕੌਰ, ਡਾ. ਐਨਾ ਗੋਇਲ, ਡਾ. ਸੁਖਜੀਤ ਕੌਰ, ਡਾ. ਸੋਨੀਕਾ ਸ਼ਰਮਾ, ਡਾ. ਰਮਨਦੀਪ ਸਿੰਘ ਜੱਸਲ, ਡਾ. ਨਵਨੀਤ ਕੌਰ, ਡਾ. ਗੁਰਿੰਦਰ ਸਿੰਘ ਗਿੱਲ, ਡਾ. ਲਵਲੀਸ਼ ਗਰਗ, ਡਾ. ਮਨਿੰਦਰ ਕੌਰ, ਡਾ. ਇੰਦਰਪਾਲ ਸਿੰਘ ਸੰਧੂ ਨੇ ਕੋਰਸ ਨਾਲ ਸੰਬੰਧਿਤ ਵੱਖ-ਵੱਖ ਵਿਸ਼ਿਆਂ ਉੱਪਰ ਜਾਣਕਾਰੀ ਸਾਂਝੀ ਕੀਤੀ। ਡਾ. ਕੁਲਵੀਰ ਕੌਰ ਅਤੇ ਕੁਲਦੀਪ ਕੌਰ ਨੇ ਖੁੰਬਾਂ ਦੇ ਪਕਵਾਨ ਬਣਾਉਣ ਸੰਬੰਧੀ ਪ੍ਰੈਕਟੀਕਲ ਜਾਣਕਾਰੀ ਸਾਂਝੀ ਕੀਤੀ। ਵਿਭਾਗ ਦੀ ਮੁਖੀ ਡਾ. ਗੁਰਪ੍ਰੀਤ ਕੌਰ ਨੇ ਖੁੰਬਾਂ ਦਾ ਧੰਦਾ ਸ਼ੁਰੂ ਕਰਨ ਲਈ ਮਿਲਣ ਵਾਲੀਆਂ ਸਬਸਿਡੀ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ। ਅਖੀਰ ਵਿੱਚ ਕੰਵਲਜੀਤ ਕੌਰ ਨੇ ਸਾਰੇ ਸਿਖਿਆਰਥੀਆਂ ਦਾ ਅਤੇ ਯੂਨੀਵਰਸਿਟੀ ਦੇ ਮਾਹਿਰਾਂ ਦਾ ਧੰਨਵਾਦ ਕੀਤਾ।