30 ਨੂੰ ਕੂੰਮਕਲਾਂ ਤੋਂ ਕੱਢਿਆ ਜਾਵੇਗਾ ਟ੍ਰੈਕਟਰ ਮਾਰਚ
ਪੰਜ ਭੈਣੀਆਂ ਦੇ ਗੁਰਦੁਆਰਾ ਨਾਨਕਸਰ ਵਿੱਚ ਅੱਜ 40 ਪਿੰਡਾਂ ਦੇ ਕਿਸਾਨਾਂ ਦੇ ਵੱਡੇ ਇਕੱਠ ਨੇ ਪੰਜਾਬ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਲੈਂਡ ਪੂਲਿੰਗ ਨੀਤੀ ਨੂੰ ਨਕਾਰ ਦਿੱਤਾ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ, ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ, ਅਵਤਾਰ ਸਿੰਘ ਮੇਹਲੋਂ ਵਿਸ਼ੇਸ਼ ਤੌਰ ’ਤੇ ਪੁੱਜੇ। ਲੱਖੋਵਾਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕਿਸਾਨ ਆਪਣੀ ਇੱਕ ਇੰਚ ਜਮੀਨ ਵੀ ਇਸ ਪਾਲਿਸੀ ਵਿਚ ਨਹੀਂ ਦੇਣਗੇ ਅਤੇ ਸਰਕਾਰ ਫੌਰੀ ਤੌਰ ’ਤੇ ਇਸ ਸਕੀਮ ਨੂੰ ਵਾਪਸ ਲਵੇ, ਕਿਉਂਕਿ ਇਸ ਨੀਤੀ ਵਿੱਚ ਕਿਸਾਨਾਂ ਨਾਲ ਵੱਡਾ ਧੋਖਾ ਹੋਣ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਨੋਟੀਫਿਕੇਸ਼ਨ ਹੋਣ ਨਾਲ ਕਿਸਾਨ ਜ਼ਮੀਨ ’ਤੇ ਨਾ ਕੋਈ ਕਰਜਾ, ਗਹਿਣੇ, ਵੇਚ ਅਤੇ ਸੀ.ਐੱਲ.ਯੂ ਕਰਵਾ ਸਕਦਾ ਹੈ। ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਜੇਕਰ ਇਹ ਨੋਟੀਫਿਕੇਸ਼ਨ ਸਰਕਾਰ ਨੇ ਵਾਪਸ ਨਾ ਲਿਆ ਤਾਂ ਕਿਸਾਨਾਂ ਦੇ ਨਾਲ-ਨਾਲ ਪਿੰਡਾਂ ’ਚ ਰਹਿੰਦੇ ਦੂਜੇ ਵਰਗ ਦੇ ਲੋਕਾਂ ਦਾ ਵੀ ਉਜਾੜਾ ਹੋ ਜਾਵੇਗਾ। ਅਵਤਾਰ ਸਿੰਘ ਮੇਹਲੋਂ ਸਰਪ੍ਰਸਤ ਪੰਜਾਬ ਨੇ ਪਹੁੰਚੇ ਹੋਏ ਕਿਸਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਪਾਂ ਇਕੱਠੇ ਹੋ ਕੇ ਇਸ ਲੈਂਡ ਪੂਲਿੰਗ ਪਾਲਿਸੀ ਦਾ ਨੋਟੀਫਿਕੇਸ਼ਨ ਵਾਪਸ ਕਰਵਾਈਏ ਤਾਂ ਹੀ ਆਪਾਂ ਆਉਣ ਵਾਲੀਆਂ ਨਸਲਾਂ ਅਤੇ ਫਸਲਾਂ ਨੂੰ ਬਚਾਅ ਸਕਦੇ ਹਾਂ।
ਆਗੂਆਂ ਨੇ ਕਿਹਾ ਕਿ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਦੇ ਸਰਪੰਚਾਂ ਤੇ ਮੈਂਬਰਾਂ ਵਲੋਂ ਹੱਥ ਖੜੇ ਕਰਕੇ ਇਸ ਪਾਲਿਸੀ ਦੇ ਖਿਲਾਫ਼ ਪਿੰਡਾਂ ਵਿਚ ਮਤੇ ਪਾ ਕੇ ਸਰਕਾਰ ਨੂੰ ਭੇਜਣ ਤੇ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਹ ਨੋਟੀਫਿਕੇਸ਼ਨ ਵਾਪਸ ਨਾ ਲਿਆ ਤਾਂ 30 ਜੁਲਾਈ ਨੂੰ ਟਰੈਕਟਰ ਮਾਰਚ ਕੱਢਿਆ ਜਾਵੇਗਾ, ਜੋ ਦਾਣਾ ਮੰਡੀ ਕੂੰਮ ਕਲਾਂ ਤੋਂ ਸਵੇਰੇ 8.30 ਵਜੇ ਸ਼ੁਰੂ ਹੋ ਕੇ ਪ੍ਰਤਾਪਗੜ੍ਹ, ਰਾਈਆਂ, ਕੋਹਾੜਾ, ਲੱਖੋਵਾਲ, ਕੀਮਾ ਭੈਣੀ, ਸ਼ਾਲੂ ਭੈਣੀ, ਬੌਂਕੜ, ਕੜਿਆਣਾ, ਮਾਛੀਆਂ, ਚੌਂਤਾ, ਰਤਨਗੜ੍ਹ ਵਿਖੇ ਸਮਾਪਤ ਹੋਵੇਗਾ।