ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਟਰੈਕਟਰ ਮਾਰਚ ਅੱਜ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਟਰੈਕਟਰ ਮਾਰਚ ਦੀਆਂ ਕਿਸਾਨ ਜਥੇਬੰਦੀਆਂ ਨੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਅਤੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀਆਂ ਅੱਜ ਵੱਖ-ਵੱਖ ਮੀਟਿੰਗਾਂ ਵਿੱਚ ਟਰੈਕਟਰ ਮਾਰਚ ਨੂੰ ਅੰਤਿਮ ਛੋਹ ਦਿੱਤੀ ਗਈ। ਬੀਕੇਯੂ (ਡਕੌਂਦਾ) ਵਲੋਂ ਲੈਂਡ ਪੂਲਿੰਗ ਖ਼ਿਲਾਫ਼ ਟਰੈਕਟਰ ਮਾਰਚ ਦੀ ਸਫ਼ਲਤਾ ਲਈ ਬਲਾਕ ਦੇ ਡੇਢ ਦਰਜਨ ਦੇ ਕਰੀਬ ਪਿੰਡਾਂ ਵਿੱਚ ਕਿਸਾਨਾਂ ਨਾਲ ਸੰਪਰਕ ਕੀਤਾ ਗਿਆ। ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ ਅਤੇ ਸਕੱਤਰ ਪਾਲ ਸਿੰਘ ਨਵਾਂ ਡੱਲਾ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ ਪੰਜਾਬ ਭਰ ਵਿੱਚ ਕਿਸਾਨਾਂ ਦੀ ਜ਼ਮੀਨ ਹਥਿਆਉਣ ਖ਼ਿਲਾਫ਼ ਲੁਧਿਆਣਾ ਜ਼ਿਲ੍ਹੇ ਵਿੱਚ ਨਿਕਲਣ ਵਾਲੇ ਸਾਰੇ ਟਰੈਕਟਰ ਮਾਰਚਾਂ ਵਿੱਚ ਹਜ਼ਾਰਾਂ ਕਿਸਾਨ ਸੜਕਾਂ ’ਤੇ ਨਿਕਲ ਕੇ ਇਸ ਨੀਤੀ ਨੂੰ ਰੱਦ ਕਰਨ ਲਈ ਪੰਜਾਬ ਸਰਕਾਰ ਨੂੰ ਮਜਬੂਰ ਕਰਨਗੇ। ਉਨ੍ਹਾਂ ਦੱਸਿਆ ਕਿ ਜਗਰਾਉਂ ਬਲਾਕ ਦੇ ਕਿਸਾਨ ਸਵੇਰੇ ਨੌਂ ਵਜੇ ਰਾਏਕੋਟ ਰੋਡ ਸਥਿਤ ਸਰਕਾਰੀ ਸਾਇੰਸ ਕਾਲਜ ਕੋਲ ਇਕੱਤਰ ਹੋਣਗੇ। ਇਸੇ ਤਰ੍ਹਾਂ ਸਿੱਧਵਾਂ ਬੇਟ ਬਲਾਕ ਦੇ ਕਿਸਾਨ ਟਰੈਕਟਰ ਲੈ ਕੇ ਜੀਟੀ ਰੋਡ ਉੱਪਰ ਪੈਂਦੇ ਸ਼ੇਰਪੁਰਾ ਪਿੰਡ ਦੇ ਗੇਟ ‘ਤੇ ਇਕੱਤਰ ਹੋਣਗੇ। ਉਨ੍ਹਾਂ ਦੱਸਿਆ ਕਿ ਮਲਕ, ਪੋਨਾ, ਅਲੀਗੜ੍ਹ, ਸਿੱਧਵਾਂ ਕਲਾਂ ਪਿੰਡਾਂ ਦੇ ਕਿਸਾਨਾਂ ਦਾ ਟਰੈਕਟਰ ਮਾਰਚ ਜੀਟੀ ਰੋਡ ਪਸ਼ੂ ਮੰਡੀ ਵਿਖੇ ਇਕੱਤਰ ਹੋ ਕੇ ਮਾਰਚ ਵਿੱਚ ਜਾਵੇਗਾ। ਇਸ ਮੁਹਿੰਮ ਵਿੱਚ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਬਹਾਦਰ ਸਿੰਘ ਲੱਖਾ ਆਦਿ ਹਾਜ਼ਰ ਸਨ। ਉਧਰ ਦੂਜੇ ਪਾਸੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਹਰਦੇਵ ਸਿੰਘ ਸੰਧੂ ਨੇ ਕਿਹਾ ਕਿ ਅਖਾੜਾ ਪਿੰਡ ਤੋਂ ਵੱਡਾ ਟਰੈਕਟਰਾਂ ਕਾਫਲਾ ਮਾਰਚ ਨਿਕਲੇਗਾ। ਇਸੇ ਤਰ੍ਹਾਂ ਇਕ ਮਾਰਚ ਸਿੱਧਵਾਂ ਬੇਟ ਵਾਲੇ ਪਾਸਿਓਂ ਆਵੇਗਾ। ਕਾਮਰੇਡ ਸੰਧੂ ਨੇ ਨੀਤੀ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਪਿੰਡਾਂ ਦਾ ਵਿਸਥਾਰ ਪਹਿਲਾਂ ਹੀ ਆਪਣੇ ਆਪ ਹੋ ਚੁੱਕਾ ਹੈ। ਇਸ ਲਈ ਅਜਿਹੀ ਕਿਸੇ ਨੀਤੀ ਦੀ ਲੋੜ ਨਹੀਂ ਜੋ ਕਿਸਾਨਾਂ ਦੇ ਪੱਲੇ ਧੇਲਾ ਨਹੀਂ ਪਾਉਂਦੀ।
ਲੁਧਿਆਣਾ (ਗੁਰਿੰਦਰ ਸਿੰਘ): ਸੰਯੁਕਤ ਕਿਸਾਨ ਮੋਰਚਾ ਵੱਲੋਂ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਤਹਿਤ ਲੁਧਿਆਣਾ ਦੇ ਲਾਗਲੇ ਪਿੰਡਾਂ ਦੇ ਕਿਸਾਨਾਂ ਦੀ ਐਕੁਆਇਰ ਕੀਤੀ ਜਾ ਰਹੀ ਜ਼ਮੀਨ ਦੇ ਵਿਰੋਧ ਵਿੱਚ ਭਲਕੇ 30 ਜੁਲਾਈ ਨੂੰ ਟਰੈਕਟਰ ਮਾਰਚ ਕੱਢੇ ਜਾ ਰਹੇ ਹਨ ਜੋਂ ਵੱਖ ਵੱਖ ਥਾਵਾਂ ਤੋਂ ਚੱਲਕੇ ਪ੍ਰਭਾਵਿਤ ਪਿੰਡਾਂ ਵਿੱਚ ਜਾਣਗੇ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਸੁਦਾਗਰ ਸਿੰਘ ਘੁਡਾਣੀ ਨੇ ਦੱਸਿਆ ਹੈ ਕਿ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤਹਿਤ ਕੀਤੇ ਜਾ ਰਹੇ ਟਰੈਕਟਰ ਮਾਰਚ ਦੌਰਾਨ ਭਲਕੇ 9 ਵਜੇ ਕਿਸਾਨ ਟਰੈਕਟਰ ਸਮੇਤ ਦਾਖਾ ਗਰਾਊਂਡ ਵਿੱਚ ਇਕੱਠੇ ਹੋਣਗੇ। ਇੱਥੋਂ ਉਹ ਕੈਲਪੁਰ, ਚੱਕ ਕਲਾਂ, ਚੰਗਣ, ਭੱਟੀਆਂ ਢਾਹਾਂ, ਨੂਰਪੁਰ ਬੇਟ, ਬੱਗੇ ਕਲਾਂ, ਮਲਕਪੁਰ, ਬੀਰਮੀ, ਬਸੈਮੀ, ਫਾਗਲਾ, ਈਸੇਵਾਲ, ਦੇਤਵਾਲ ਤੋਂ ਹੁੰਦਾ ਹੋਇਆ ਗਹੌਰ ਵਿੱਚ ਸਮਾਪਤ ਹੋਵੇਗਾ। ਉਨ੍ਹਾਂ ਦੱਸਿਆ ਕਿ ਦੂਜਾ ਜਥਾ ਸਵੇਰੇ 9 ਵਜੇ ਜੋਧਾਂ ਦਾਣਾ ਮੰਡੀ ਵਿੱਚ ਇਕੱਤਰ ਹੋਵੇਗਾ। ਇਸ ਤੋਂ ਬਾਅਦ ਇਹ ਮਾਰਚ ਬੱਲੋਵਾਲ, ਚਮਿੰਡਾ, ਢੈਪਈ, ਖੰਡੂਰ, ਰੁੜਕਾ, ਪਮਾਲ, ਭਨੋਹੜ, ਹਸਨਪੁਰ, ਬੱਦੋਵਾਲ, ਝਾਂਡੇ, ਲਲਤੋਂ ਖੁਰਦ, ਲਲਤੋਂ ਕਲਾਂ, ਖੇੜੀ, ਝਮੇੜੀ, ਦੋਲੋਂ ਖੁਰਦ, ਦੋਲੋਂ ਕਲਾਂ, ਮਨਸੂਰਾਂ ਤੋਂ ਹੁੰਦਾ ਹੋਇਆ ਜੋਧਾਂ ਬਾਜ਼ਾਰ ਵਿੱਚ ਸਮਾਪਤ ਹੋਵੇਗਾ। ਸ੍ਰੀ ਘੁਡਾਣੀ ਨੇ ਦੱਸਿਆ ਕਿ ਇਸ ਟਰੈਕਟਰ ਮਾਰਚ ਲਈ ਕਿਸਾਨਾਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਉਹ ਸਰਕਾਰ ਦੀ ਲੈਂਡ ਗਰੈਬਿੰਗ ਨੀਤੀ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਭਰ ਦੇ ਲੋਕਾਂ ਨੇ ਦਿੱਲੀ ਦੇ ਭਗੌੜਿਆਂ ਦੇ ਇਸ਼ਾਰੇ ਤੇ ਭਗਵੰਤ ਮਾਨ ਸਰਕਾਰ ਵੱਲੋਂ ਜ਼ਮੀਨ ਐਕੁਆਇਰ ਕਰਨ ਦੀ ਕਾਰਵਾਈ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਬਰੀ ਜ਼ਮੀਨਾਂ ਐਕੁਆਇਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੰਜਾਬ ਸਰਕਾਰ ਪੰਜਾਬੀਆਂ ਦੇ ਗ਼ੁੱਸੇ ਦਾ ਮੁਕਾਬਲਾ ਕਰਨ ਲਈ ਤਿਆਰ ਰਹੇ।
ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਦੱਸਿਆ ਕਿ ਭਲਕੇ ਸਵੇਰੇ 10 ਵਜੇ ਕੂੰਮਕਲਾਂ ਦਾਣਾ ਮੰਡੀ ਤੋਂ ਟਰੈਕਟਰ ਮਾਰਚ ਸ਼ੁਰੂ ਹੋਵੇਗਾ ਜੋ ਪ੍ਰਤਾਪਗੜ੍ਹ, ਰਾਈਆਂ, ਕੁਹਾੜਾ, ਲੱਖੋਵਾਲ ਕੀਮਾ ਭੈਣੀ, ਸ਼ਾਲੂ ਭੈਣੀ, ਬੌਂਕੜ, ਕੜਿਆਣਾ, ਮਾਛੀਆਂ ਅਤੇ ਚੌਤਾ ਤੋਂ ਹੁੰਦਾ ਹੋਇਆ ਰਤਨਗੜ੍ਹ ਵਿੱਚ ਸਮਾਪਤ ਹੋਵੇਗਾ। ਉਨ੍ਹਾਂ ਸਮੂਹ ਪੀੜਤ ਕਿਸਾਨਾਂ ਨੂੰ ਇਸ ਮਾਰਚ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।
ਟਰੈਕਟਰ ਮਾਰਚ ਲਈ ਕਿਸਾਨ ਯੂਨੀਅਨ ਲੱਖੋਵਾਲ ਦੀ ਮੀਟਿੰਗ
ਸਮਰਾਲਾ (ਡੀਪੀਐੱਸ ਬੱਤਰਾ):ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲ੍ਹਾ ਲੁਧਿਆਣਾ ਪੂਰਬੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਪਾਲ ਮਾਜਰਾ ਵਿਸ਼ੇਸ਼ ਤੌਰ ’ਤੇ ਪੁੱਜੇ ਜਿਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਵਲੋਂ ਲਾਗੂ ਕੀਤੀ ਲੈਂਡ ਪੂਲਿੰਗ ਪਾਲਿਸੀ-2025 ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਬਿਲਕੁੱਲ ਨਹੀਂ ਹੈ, ਮੀਟਿੰਗ ਵਿੱਚ ਹਾਜ਼ਰ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਇਸ ਪਾਲਿਸੀ ਨਾਲ ਪੰਜਾਬ ਦੀ ਕਿਸਾਨੀ ਅਤੇ ਆਮ ਲੋਕਾਂ ਨੂੰ ਹੋਣ ਵਾਲੇ ਨੁਕਸਾਨ ਸਬੰਧੀ ਦੱਸਿਆ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਪਾਲਿਸੀ ਵਾਪਸ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸੰਯੁਕਤ ਮੋਰਚੇ ਦੇ ਸੱਦੇ ਉੱਤੇ 30 ਜੁਲਾਈ ਨੂੰ ਪਿੰਡ ਬਾਲਿਓਂ ਤੋਂ ਐਸ.ਡੀ.ਐਮ. ਦਫਤਰ ਸਮਰਾਲਾ ਤੱਕ ਇਸ ਲੈਂਡ ਪੂਲਿੰਗ ਪਾਲਸੀ ਖਿਲਾਫ ਕੱਢੇ ਜਾ ਰਹੇ ਵਿਸ਼ਾਲ ਟਰੈਕਟਰ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਯੂਨੀਅਨ ਦੇ ਅਹੁਦੇਦਾਰ ਅਤੇ ਵਰਕਰ ਸ਼ਾਮਲ ਹੋਣਗੇ। ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਹਰਪ੍ਰੀਤ ਸਿੰਘ ਗੜ੍ਹੀ, ਹਰਦੀਪ ਸਿੰਘ ਭਰਥਲਾ, ਹਰਵਿੰਦਰ ਸਿੰਘ ਰਤੀਪੁਰ ਤਿੰਨੋਂ ਜ਼ਿਲ੍ਹਾ ਮੀਤ ਪ੍ਰਧਾਨ, ਸਰਪੰਚ ਚਰਨਜੀਤ ਸਿੰਘ ਫੌਜੀ, ਸਤਵੰਤ ਸਿੰਘ, ਅਮਰੀਕ ਸਿੰਘ ਪਾਲਮਾਜਰਾ, ਸਰਪੰਚ ਵਿੱਕੀ, ਗੁਰਜੀਤ ਸਿੰਘ ਪੰਚ, ਸੁਰਿੰਦਰ ਸਿੰਘ ਭਰਥਲਾ, ਬਲਜਿੰਦਰ ਸਿੰਘ, ਕਮਿੱਕਰ ਸਿੰਘ, ਜਸਵੰਤ ਸਿੰਘ, ਦਰਸ਼ਨ ਸਿੰਘ, ਮਲਕੀਤ ਸਿੰਘ ਢੀਂਡਸਾ, ਮੱਘਰ ਸਿੰਘ ਘੁੰਗਰਾਲੀ ਸਿੱਖਾਂ ਜਨਰਲ ਸਕੱਤਰ, ਬਲਜਿੰਦਰ ਸਿੰਘ, ਦਲਜੀਤ ਸਿੰਘ ਊਰਨਾ ਜਨਰਲ ਸਕੱਤਰ ਬਲਾਕ ਸਮਰਾਲਾ, ਕਸ਼ਮੀਰ ਸਿੰਘ, ਜਗਤਾਰ ਸਿੰਘ ਮਾਦਪੁਰ, ਸਰਬਜੀਤ ਸਿੰਘ ਖੀਰਨੀਆਂ, ਹਰਿੰਦਰ ਸਿੰਘ ਮੁਤੋਂ, ਉੱਜਲ ਸਿੰਘ, ਸਵਰਨ ਸਿੰਘ, ਰਾਜਵੀਰ ਸਿੰਘ, ਹਰਮੀਤ ਸਿੰਘ ਮੱਲ ਮਾਜਰਾ, ਜਸਵਿੰਦਰ ਸਿੰਘ ਸਲੌਦੀ, ਗੋਗਾ ਸੰਗਤਪੁਰਾ, ਫੌਜੀ ਮਲਕੀਤ ਸਿੰਘ, ਬਹਾਦਰ ਸਿੰਘ, ਗਗਨਦੀਪ ਸਿੰਘ ਪਪੜੌਦੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਯੂਨੀਅਨ ਵਰਕਰ ਹਾਜ਼ਰ ਸਨ।
ਬਾਲਿਉਂ ਦੀ ਜ਼ਮੀਨ ਐਕੁਆਇਰ ਕਰਨ ਖ਼ਿਲਾਫ਼ ਰੋਸ
ਸਮਰਾਲਾ (ਪੱਤਰ ਪ੍ਰੇਰਕ): ਪੰਜਾਬ ਸਰਕਾਰ ਵਲੋਂ ਲੈਂਡ ਪੂਲਿੰਗ ਨੀਤੀ ਤਹਿਤ ਪਿੰਡ ਬਾਲਿਉਂ ਦੀ ਜੋ ਜ਼ਮੀਨ ਐਕੁਆਇਰ ਕੀਤੀ ਜਾ ਰਹੀ ਹੈ, ਉਸ ਦੇ ਵਿਰੋਧ ਵਿਚ ਸੰਯੁਕਤ ਕਿਸਾਨ ਮੋਰਚੇ ਵਲੋਂ ਸਾਂਝੇ ਤੌਰ ’ਤੇ 30 ਜੁਲਾਈ ਨੂੰ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਭੱਟੀਆਂ ਨੇ ਦੱਸਿਆ ਕਿ ਲੈਂਡ ਪੂਲਿੰਗ ਪਾਲਿਸੀ ਤਹਿਤ ਪਿੰਡ ਬਾਲਿਉਂ ਦੀ 250 ਏਕੜ ਜ਼ਮੀਨ ਐਕੁਆਇਰ ਕੀਤੀ ਜਾ ਰਹੀ ਹੈ, ਜਿਸ ਦੇ ਵਿਰੋਧ ਵਿਚ ਕਿਸਾਨਾਂ ਵਲੋਂ ਪਿੰਡ ਬਾਲਿਉਂ ਤੋਂ 9 ਵਜੇ ਟਰੈਕਟਰ ਮਾਰਚ ਐੱਸ.ਡੀ.ਐੱਮ. ਦਫ਼ਤਰ ਸਮਰਾਲਾ ਤੱਕ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਯੂਨੀਅਨ ਵਲੋਂ ਵੱਖ-ਵੱਖ ਪਿੰਡਾਂ ਵਿਚ ਜਾ ਕੇ ਕਿਸਾਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ਕਿ ਉਹ ਸਰਕਾਰ ਦੀ ਇਸ ਨੀਤੀ ਵਿਰੁੱਧ ਇੱਕਜੁਟ ਹੋਣ ਤਾਂ ਜੋ ਕਿਸਾਨਾਂ ਨੂੰ ਹੋਣ ਵਾਲੀ ਲੁੱਟ ਤੋਂ ਬਚਾਇਆ ਜਾ ਸਕੇ। ਇਸ ਮੌਕੇ ਅਵਤਾਰ ਸਿੰਘ ਸ਼ੇਰੀਆਂ, ਕੁਲਵਿੰਦਰ ਸਿੰਘ ਪੂਰਬਾ, ਜਗਦੇਵ ਮੁੱਤੋਂ, ਬਾਬਾ ਬੰਤ, ਕਰਮਜੀਤ ਮਾਛੀਵਾੜਾ, ਜਗਤਾਰ ਸਿੰਘ, ਗਗਨਦੀਪ ਸਿੰਘ ਬਾਲਿਓਂ, ਗੁਰਪ੍ਰੀਤ ਸਿੰਘ, ਗੁਰਸ਼ਰਨ ਸਿੰਘ, ਹਰਮਨਦੀਪ ਸਿੰਘ ਵੀ ਮੌਜੂਦ ਸਨ।