ਮਧਰਾ ਤੇ ਹਲਦੀ ਰੋਗ ਤੋਂ ਪ੍ਰਭਾਵਿਤ ਖੇਤਾਂ ’ਚ ਪਰਾਲੀ ਪ੍ਰਬੰਧਨ ਦੇ ਨੁਕਤੇ ਦੱਸੇ
ਪੰਜਾਬ ਰਾਜ ਵਿੱਚ ਇਸ ਸਾਲ ਮੌਜੂਦਾ ਸਾਉਣੀ ਦੀ ਰੁੱਤ ਵਿੱਚ ਝੋਨੇ ਦੀ ਅਗੇਤੀ ਬਿਜਾਈ ਅਤੇ ਅਨੁਕੂਲ ਮੌਸਮੀ ਹਾਲਾਤਾਂ-ਵਧੇਰੇ ਮੀਂਹ ਅਤੇ ਨਮੀਂ ਹੋਣ ਕਾਰਨ, ਝੋਨੇ ਦੀ ਫਸਲ ਵਿੱਚ ਬੌਣਾ ਵਾਇਰਸ ਅਤੇ ਝੂਠੀ ਕਾਂਗਿਆਰੀ ਦੇ ਰੋਗ ਦਾ ਹਮਲਾ ਪਿਛਲੇ ਸਾਲਾਂ ਨਾਲ਼ੋਂ ਵਧੇਰੇ...
ਪੰਜਾਬ ਰਾਜ ਵਿੱਚ ਇਸ ਸਾਲ ਮੌਜੂਦਾ ਸਾਉਣੀ ਦੀ ਰੁੱਤ ਵਿੱਚ ਝੋਨੇ ਦੀ ਅਗੇਤੀ ਬਿਜਾਈ ਅਤੇ ਅਨੁਕੂਲ ਮੌਸਮੀ ਹਾਲਾਤਾਂ-ਵਧੇਰੇ ਮੀਂਹ ਅਤੇ ਨਮੀਂ ਹੋਣ ਕਾਰਨ, ਝੋਨੇ ਦੀ ਫਸਲ ਵਿੱਚ ਬੌਣਾ ਵਾਇਰਸ ਅਤੇ ਝੂਠੀ ਕਾਂਗਿਆਰੀ ਦੇ ਰੋਗ ਦਾ ਹਮਲਾ ਪਿਛਲੇ ਸਾਲਾਂ ਨਾਲ਼ੋਂ ਵਧੇਰੇ ਵੇਖਿਆ ਗਿਆ। ਪੀਏਯੂ ਅਨੁਸਾਰ ਜਿਹੜੇ ਖੇਤਾਂ ਵਿੱਚ ਇਹ ਦੋਵੇਂ ਬਿਮਾਰੀਆਂ ਆਈਆਂ ਹਨ, ਉਥੇ ਝੋਨੇ ਦੀ ਪਰਾਲੀ ਨੂੰ ਅੱਗ ਲਾ ਕੇ ਸਾੜਣ ਨਾਲ ਅਗਲੇ ਸਾਲ ਇਨ੍ਹਾਂ ਬਿਮਾਰੀਆਂ ਦੇ ਪ੍ਰਭਾਵ ਨੂੰ ਘਟਾਇਆ ਨਹੀਂ ਜਾ ਸਕਦਾ। ਝੋਨੇ ਦਾ ਬੌਣਾ ਰੋਗ ਚਿੱਟੀ ਪਿੱਠ ਵਾਲੇ ਟਿੱਡੇ ਦੁਆਰਾ ਫੈਲਾਏ ਜਾਣ ਵਾਲ਼ੇ ਇੱਕ ਵਿਸ਼ਾਣੂ ਨਾਲ਼ ਲੱਗਦਾ ਹੈ। ਝੋਨੇ ਦੇ ਜਿਊਂਦੇ ਬੂਟਿਆਂ ਜਾਂ ਚਿੱਟੀ ਪਿੱਠ ਵਾਲੇ ਟਿੱਡੇ ਰਾਹੀਂ ਹੀ ਇਹ ਵਿਸ਼ਾਣੂੰ ਆਪਣਾ ਜੀਵਨ ਚੱਕਰ ਪੂਰਾ ਕਰਦਾ ਹੈ। ਇਸ ਕਰਕੇ ਫਸਲ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਨਾਲ ਅਗਲੇ ਸਾਲ ਦੀ ਫਸਲ ਉੱਤੇ ਇਸ ਵਿਸ਼ਾਣੂ ਦੇ ਹਮਲੇ ਤੇ ਕੋਈ ਪ੍ਰਭਾਵ ਨਹੀਂ ਪੈਂਦਾ। ਇਸ ਦੇ ਉਲਟ ਅੱਗ ਲਾਉਣ ਨਾਲ ਮਿੱਤਰ ਕੀੜ੍ਹੇ ਜਰੂਰ ਮਰ ਸਕਦੇ ਹਨ ਜੋ ਚਿੱਟੀ ਪਿੱਠ ਵਾਲੇ ਟਿੱਡੇ ਦੀ ਜਨਸੰਖਿਆ ਉੱਤੇ ਕਾਬੂ ਰੱਖਦੇ ਹਨ। ਹਾੜੀ ਵਿੱਚ ਚਿੱਟੀ ਪਿੱਠ ਵਾਲ਼ਾ ਟਿੱਡਾ ਕਈ ਤਰਾਂ ਦੇ ਨਦੀਨਾਂ ਉੱਤੇ ਜਿਊਂਦਾ ਰਹਿ ਸਕਦਾ ਹੈ। ਇਸ ਲਈ ਖੇਤ ਅਤੇ ਵੱਟਾਂ ਬੰਨਿਆਂ ਨੂੰ ਨਦੀਨ ਮੁਕਤ ਰੱਖਿਆ ਜਾਵੇ ਤਾਂ ਜੋ ਚਿੱਟੀ ਪਿੱਠ ਵਾਲੇ ਟਿੱਡੇ ਨੂੰ ਜਿਊਂਦੇ ਰਹਿਣ ਲਈ ਸਰੋਤ ਘੱਟ ਮਿਲਣ ਅਤੇ ਉਹ ਵਿਸ਼ਾਣੂੰ ਦਾ ਪਸਾਰ ਘੱਟ ਕਰ ਸਕੇ।
ਝੋਨੇ ਦੀ ਝੂਠੀ ਕਾਂਗਿਆਰੀ ਮੁਢਲੇ ਤੌਰ ਤੇ ਜ਼ਮੀਨ ਉੱਤੇ ਉੱਲੀ ਦੇ ਹਲਦੀ ਰੰਗੇ ਗੋਲ਼ਆਂ ਵਿੱਚੋਂ ਡਿੱਗੇ ਬੀਜਾਣੂਆਂ ਦੁਆਰਾ ਫੈਲਦੀ ਹੈ। ਇਹ ਝੋਨੇ ਦੀ ਪਰਾਲੀ ਦੀ ਰਹਿੰਦ-ਖੂੰਹਦ ਅਤੇ ਬੀਜ ਉੱਤੇ ਘੱਟ ਪਾਈ ਜਾਂਦੀ ਹੈ। ਪਰਾਲੀ ਦੀ ਰਹਿੰਦ-ਖੂੰਹਦ ਨੂੰ ਖੇਤ ਵਿੱਚ ਹੀ ਰਲ਼ਾ ਦੇਣ ਨਾਲ਼ ਜਾਂ ਖੇਤ ਵਿੱਚ ਹੀ ਡੂੰਘਾ ਵਾਹ ਕੇ ਇਨ੍ਹਾਂ ਬੀਜਾਣੂਆਂ ਦੀ ਜੰਮਣ ਸ਼ਕਤੀ ਬਹੁਤ ਹੱਦ ਤੱਕ ਘਟਾਈ ਜਾ ਸਕਦੀ ਹੈ।
ਪੀਏਯੂ ਦੇ ਮਾਹਿਰਾਂ ਨੇ ਕਿਸਾਨਾਂ ਨੂੰ ਸੁਝਾਅ ਦਿੱਤਾ ਕਿ ਝੋਨੇ ਦੀ ਫਸਲ ਦੀ ਪਰਾਲੀ ਦੀ ਰਹਿੰਦ-ਖੂੰਹਦ ਨੂੰ ਖੇਤ ਵਿੱਚ ਹੀ ਰਲ਼ਾ ਦੇਣ ਜਾਂ ਖੇਤ ਨੂੰ ਡੂੰਘਾ ਵਾਹ ਦੇਣ, ਵੱਟਾਂ ਬੰਨੇ ਸਾਫ ਰੱਖਣ ਅਤੇ ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਲਈ ’ਵਰਸਿਟੀ ਵੱਲੋਂ ਸਿਫਾਰਿਸ਼ ਕੀਤੇ ਸਰਵਪੱਖੀ ਰੋਕਥਾਮ ਦੇ ਢੰਗ ਅਪਣਾਉਣ।

