ਮੇਲੇ ’ਚ ਪਸ਼ੂਆਂ ਦੀ ਸੰਭਾਲ ਦੇ ਨੁਕਤੇ ਦੱਸੇ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਵੱਲੋਂ ਲਗਾਇਆ ਗਿਆ ਦੋ ਰੋਜ਼ਾ ‘ਪਸ਼ੂ ਪਾਲਣ ਮੇਲਾ’ ਅੱਜ ਡੇਅਰੀ ਪਸ਼ੂਆਂ ਦੀ ਅਗਲੀ ਨਸਲ ਦੀ ਬਿਹਤਰ ਸੰਭਾਲ ਕਰਨ ਦੇ ਸੁਨੇਹੇ ਨਾਲ ਸੰਪੂਰਨ ਹੋ ਗਿਆ। ਮੇਲੇ ਵਿਚ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਆਪਣੀ...
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਵੱਲੋਂ ਲਗਾਇਆ ਗਿਆ ਦੋ ਰੋਜ਼ਾ ‘ਪਸ਼ੂ ਪਾਲਣ ਮੇਲਾ’ ਅੱਜ ਡੇਅਰੀ ਪਸ਼ੂਆਂ ਦੀ ਅਗਲੀ ਨਸਲ ਦੀ ਬਿਹਤਰ ਸੰਭਾਲ ਕਰਨ ਦੇ ਸੁਨੇਹੇ ਨਾਲ ਸੰਪੂਰਨ ਹੋ ਗਿਆ। ਮੇਲੇ ਵਿਚ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਆਪਣੀ ਸ਼ਮੂਲੀਅਤ ਦਰਜ ਕੀਤੀ ਅਤੇ ਨਵੀਆਂ ਤਕਨੀਕਾਂ ਸਿੱਖਣ ਵਿਚ ਆਪਣੀ ਰੁਚੀ ਵਿਖਾਈ। ਅੱਜ ਦੂਜੇ ਦਿਨ ਸਮਾਪਨ ਅਤੇ ਇਨਾਮ ਵੰਡ ਸਮਾਰੋਹ ਮੌਕੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਪੰਜਾਬ ਦੇ ਵਿਤੀ ਕਮਿਸ਼ਨਰ ਰਾਹੁਲ ਭੰਡਾਰੀ ਮੁੱਖ ਮਹਿਮਾਨ ਵਜੋਂ ਪਹੁੰਚੇ।
ਸ੍ਰੀ ਭੰਡਾਰੀ ਨੇ ਕਿਹਾ ਕਿ ਪੰਜਾਬ ਦੁੱਧ ਉਤਪਾਦਨ ਵਿੱਚ ਸਾਰੇ ਮੁਲਕ ਵਿੱਚੋਂ ਅੱਗੇ ਹੈ ਪਰ ਸਾਡੇ ਕੋਲ ਹਾਲੇ ਵੀ ਬਰਾਜ਼ੀਲ ਵਰਗੇ ਮੁਲਕ ਵਾਂਗ ਅੱਗੇ ਵੱਧਣ ਦੀ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਪਸ਼ੂ ਖੁਰਾਕ ਸਬੰਧੀ ਗਿਆਨ ਦੇਣ ਲਈ ਸਾਨੂੰ ਪਿੰਡ ਪੱਧਰ ’ਤੇ ਪਹੁੰਚ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਬੱਕਰੀ ਪਾਲਣ ਦੇ ਕਿੱਤੇ ਨੂੰ ਹੋਰ ਪ੍ਰਫੁੱਲਿਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।
ਉਪ ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਯੂਨੀਵਰਸਿਟੀ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਲਈ ਯੂਨੀਵਰਸਿਟੀ ਵੱਲੋਂ ਅਤੇ ਫੀਡ ਕੰਪਨੀਆਂ ਵੱਲੋਂ ਪਾਏ ਯੋਗਦਾਨ ਦੀ ਚਰਚਾ ਕੀਤੀ।
ਨਿਰਦੇਸ਼ਕ ਪਸਾਰ ਸਿੱਖਿਆ ਡਾ. ਰਵਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਸਾਡੇ ਕੁਝ ਵਿਭਾਗ ਪਸ਼ੂ ਪਾਲਣ ਸਬੰਧੀ ਸੇਵਾਵਾਂ ਦਿੰਦੇ ਹਨ ਜਦਕਿ ਕੁਝ ਵਿਭਾਗ ਪਸ਼ੂ ਉਤਪਾਦਾਂ ਦੀ ਗੁਣਵੱਤਾ ਵਧਾ ਕੇ ਨਵੇਂ ਉਤਪਾਦ ਤਿਆਰ ਕਰਨ ਸਬੰਧੀ ਸਿੱਖਿਅਤ ਕਰਦੇ ਹਨ। ਮੇਲੇ ਵਿੱਚ ਯੂਨੀਵਰਸਿਟੀ ਦੇ ਡੇਅਰੀ ਅਤੇ ਫ਼ੂਡ ਸਾਇੰਸ ਤਕਨਾਲੋਜੀ ਕਾਲਜ, ਪਸ਼ੂਧਨ ਉਤਪਾਦ ਤੇ ਤਕਨਾਲੋਜੀ ਵਿਭਾਗ ਵੱਲੋਂ ਵੱਖ-ਵੱਖ ਕਿਸਮ ਦੇ ਦੁੱਧ, ਮੀਟ ਅਤੇ ਆਂਡਿਆਂ ਦੇ ਕਈ ਉਤਪਾਦ ਤਿਆਰ ਕੀਤੇ ਗਏ ਸਨ ਜਦਕਿ ਫ਼ਿਸ਼ਰੀਜ਼ ਕਾਲਜ ਵੱਲੋਂ ਵੀ ਵੱਡੀ ਗਿਣਤੀ ਵਿਚ ਉਤਪਾਦ ਪ੍ਰਦਰਸ਼ਿਤ ਕੀਤੇ ਗਏ ਸਨ। ਇਸ ਮੌਕੇ ਮੁਹਤਬਰ ਸ਼ਖ਼ਸੀਅਤਾਂ ਵੱਲੋਂ ਯੂਨੀਵਰਸਿਟੀ ਦੇ ਸਾਇੰਸਦਾਨਾਂ ਵੱਲੋਂ ਤਿਆਰ ਕੀਤੇ ਗਏ ਕਈ ਕਿਤਾਬਚੇ ਅਤੇ ਪ੍ਰਕਾਸ਼ਨਾਵਾਂ ਲੋਕ ਅਰਪਣ ਕੀਤੀਆਂ ਗਈਆਂ। ਉੱਘੇ ਕਲਾਕਾਰ ਡਾ. ਵੀਰ ਸੁਖਵੰਤ, ਇੰਦਰਜੀਤ ਨਿੱਕੂ ਅਤੇ ਕਮਲ ਕਰਤਾਰ ਨੇ ਆਪਣੇ ਗੀਤਾਂ ਨਾਲ ਕਿਸਾਨਾਂ ਦਾ ਭਰਪੂਰ ਮਨੋਰੰਜਨ ਕੀਤਾ।
ਮੇਲੇ ਵਿੱਚ ਸੌ ਤੋਂ ਵੱਧ ਸਟਾਲ ਲੱਗੇ
ਪਸ਼ੂ ਪਾਲਣ ਮੇਲੇ ਵਿੱਚ ਯੂਨੀਵਰਸਿਟੀ ਦੇ ਵੱਖੋ ਵੱਖਰੇ ਵਿਭਾਗਾਂ, ਦਵਾਈਆਂ, ਮਸ਼ੀਨਰੀ, ਪੰਜਾਬ ਸਰਕਾਰ ਦੇ ਪਸ਼ੂ ਪਾਲਣ ਮਹਿਕਮਿਆਂ ਤੇ ਯੂਨੀਵਰਸਿਟੀ ਨਾਲ ਜੁੜ ਕੇ ਕੰਮ ਕਰ ਰਹੀਆਂ ਜਥੇਬੰਦੀਆਂ ਦੇ 100 ਤੋਂ ਵਧੇਰੇ ਸਟਾਲ ਲੱਗੇ ਹੋਏ ਸਨ। ਇਨ੍ਹਾਂ ਸਟਾਲਾਂ ਵਿੱਚੋਂ ਤਾਰਾ ਫੀਡਜ਼ ਨੂੰ ਪਹਿਲਾ, ਜੈਨੇਕਸ ਐਨੀਮਲ ਹੈਲਥ ਨੂੰ ਦੂਸਰਾ, ਡੀਲਾਵਲ ਨੂੰ ਤੀਸਰਾ ਜਦਕਿ ਸਪੈਂਕੋ ਨੂੰ ਹੌਸਲਾ ਵਧਾਊ ਇਨਾਮ ਅਤੇ ਪ੍ਰਮਾਣ ਪੱਤਰ ਦੇ ਕੇ ਨਿਵਾਜਿਆ ਗਿਆ। ਯੂਨੀਵਰਸਿਟੀ ਸ਼੍ਰੇਣੀ ’ਚ ਡਾਇਰੈਕੋਰੇਟ ਆਫ ਲਾਈਵਸਟਾਕ ਫਾਰਮਜ਼ ਨੂੰ ਪਹਿਲਾ, ਕ੍ਰਿਸ਼ੀ ਵਿਗਿਆਨ ਕੇਂਦਰ ਮੁਹਾਲੀ ਨੂੰ ਦੂਜਾ, ਟੀਚਿੰਗ ਵੈਟਨਰੀ ਕਲੀਨੀਕਲ ਕੰਪੈਲਕਸ ਨੂੰ ਤੀਸਰਾ ਅਤੇ ਵਿਦਿਆਰਥੀਆਂ ਦੇ ਸੇਲ ਕਾਊਂਟਰ ਨੂੰ ਹੌਸਲਾ ਵਧਾਊ ਇਨਾਮ ਪ੍ਰਾਪਤ ਹੋਇਆ।