ਇਥੋਂ ਕਰੀਬ ਪੰਜ ਕਿਲੋਮੀਟਰ ਦੂਰ ਜਗਰਾਉਂ-ਰਾਏਕੋਟ ਮਾਰਗ ’ਤੇ ਅਬੋਹਰ ਬਰਾਂਚ ਦੀ ਅਖਾੜਾ ਨਹਿਰ ਦੇ ਸਦੀ ਪੁਰਾਣੇ ਤੰਗ ਪੁਲ ਦੇ ਨਾਲ ਇਕ ਨਵਾਂ ਚੌੜਾ ਪੁਲ ਬਣ ਰਿਹਾ ਹੈ, ਜਿੱਥੇ ਅੱਜ ਇਕ ਟਿੱਪਰ ਪਲਟ ਗਿਆ। ਇਸ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਤਾਂ ਬਚਾਅ ਹੋ ਗਿਆ ਪਰ ਇਕ ਵੱਡੀ ਲਾਪ੍ਰਵਾਹੀ ਜ਼ਰੂਰ ਸਾਹਮਣੇ ਆਈ। ਕਿਸੇ ਵੀ ਨਿਰਮਾਣ ਕਾਰਜ ਸਮੇਂ ਕੰਮ ਚਾਲੂ ਹੋਣ ਤੇ ਚਿਤਾਵਨੀ ਬੋਰਡ ਲਾਉਣੇ ਜ਼ਰੂਰੀ ਹੁੰਦੇ ਹਨ। ਪਰ ਇਸ ਥਾਂ ’ਤੇ ਅਤੇ ਪੁਲ ਦੇ ਦੋਵੇਂ ਪਾਸੇ ਪੰਜ ਸੌ ਜਾਂ ਹਜ਼ਾਰ ਮੀਟਰ ਤਕ ਕਿਤੇ ਵੀ ਅਜਿਹੇ ਬੋਰਡ ਨਹੀਂ ਲੱਗੇ ਹੋਏ। ਹਾਦਸੇ ਤੋਂ ਬਾਅਦ ਇਕੱਠੇ ਹੋਏ ਲੋਕਾਂ ਨੇ ਟਿੱਪਰ ਚਾਲਕ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ। ਇਸ ਸਮੇਂ ਹਾਜ਼ਰ ਜਗਦੇਵ ਸਿੰਘ ਜੱਗਾ, ਡਾ. ਨਰਿੰਦਰ ਸਿੰਘ ਤੇ ਹੋਰਨਾਂ ਨੇ ਕਿਹਾ ਕਿ ਘੱਟੋ-ਘੱਟ ਪੁਲ ਦੇ ਦੋਵੇਂ ਪਾਸੇ ਜੇਕਰ ਚਿਤਾਵਨੀ ਬੋਰਡ ਲੱਗੇ ਹੋਣ ਤਾਂ ਵਾਹਨ ਚਾਲਕਾਂ ਨੂੰ ਅਗਾਊਂ ਪਤਾ ਲੱਗ ਸਕਦਾ ਹੈ। ਇਸ ਤੋਂ ਇਲਾਵਾ ਮੌਕੇ ’ਤੇ ਇਕ ਹੋਰ ਘਾਟ ਵੀ ਰੜਕੀ ਕਿ ਜਿੱਥੇ ਟਿੱਪਰ ਪਲਟਿਆ ਉਹ ਥਾਂ ਦਬ ਗਈ ਸੀ। ਲੋਕਾਂ ਨੇ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਇਸ ਦਬ ਚੁੱਕੀ ਤੇ ਖਾਲੀ ਥਾਂ ’ਤੇ ਮਿੱਟੀ ਭਰੀ ਜਾਂਦੀ ਕਿਉਂਕਿ ਤੰਗ ਪੁਲ ਤੇ ਨਿਰਮਾਣ ਕਾਰਜ ਕਰਕੇ ਲੰਘਣ ਲਈ ਸਿਰਫ ਇਹੋ ਥਾਂ ਬਚਦੀ ਹੈ। ਉਨ੍ਹਾਂ ਹੁਣ ਵੀ ਬਿਨਾਂ ਦੇਰੀ ਇਹ ਥਾਂ ਮਿੱਟੀ ਨਾਲ ਭਰਨ ਦੀ ਮੰਗ ਕੀਤੀ ਤਾਂ ਜੋ ਭਵਿੱਖ ਵਿੱਚ ਕੋਈ ਹਾਦਸਾ ਨਾ ਵਾਪਰੇ।
ਹਾਦਸੇ ਵਿੱਚ ਵਾਲ-ਵਾਲ ਬਚੇ ਟਿੱਪਰ ਚਾਲਕ ਜਾਫਰ ਮੁਹੰਮਦ ਨੇ ਦੱਸਿਆ ਕਿ ਟਿੱਪਰ ਦਾ ਕਾਫੀ ਨੁਕਸਾਨ ਹੋ ਗਿਆ ਹੈ। ਮਾਲੇਰਕੋਟਲਾ ਦੇ ਜਾਤੀਵਾਲ ਨਾਲ ਸਬੰਧਤ ਟਿੱਪਰ ਚਾਲਕ ਨੇ ਦੱਸਿਆ ਕਿ ਉਹ ਆਪਣੇ ਟਰਾਲੇ ’ਤੇ ਮਖੂ ਤੋਂ ਰੇਤ ਭਰ ਕੇ ਵਾਪਸ ਮਲੇਰਕੋਟਲਾ ਨੂੰ ਜਾ ਰਿਹਾ ਸੀ। ਜਦੋਂ ਅਖਾੜਾ ਪੁਲ ਨੇੜੇ ਨਵੇਂ ਬਣ ਰਹੇ ਪੁਲ ਲਾਗਿਓਂ ਸੂਏ ਦੀ ਪਾਂਧੀ ਦਾ ਇਕ ਹਿੱਸਾ ਦੱਬਣ ਕਾਰਨ ਟਿੱਪਰ ਹਾਦਸੇ ਦਾ ਸ਼ਿਕਾਰ ਹੋ ਗਿਆ। ਡਰਾਈਵਰ ਨੇ ਆਖਿਆ ਕਿ ਇਹ ਹਾਦਸਾ ਠੇਕੇਦਾਰਾਂ ਦੀ ਅਣਗਹਿਲੀ ਕਾਰਨ ਵਾਪਰਿਆ ਹੈ। ਪੱਤਰਕਾਰਾਂ ਨੇ ਸਬੰਧਤ ਠੇਕੇਦਾਰ ਤੇ ਮੁਲਾਜ਼ਮਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਹਾਦਸੇ ਤੋਂ ਬਾਅਦ ਉਥੋਂ ਬਿਨਾਂ ਕੁਝ ਬੋਲੇ ਚਲੇ ਗਏ।