ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 5 ਅਪਰੈਲ
ਵੱਖ-ਵੱਖ ਥਾਵਾਂ ’ਤੇ ਵਾਪਰੇ ਸੜਕ ਹਾਦਸਿਆਂ ਵਿੱਚ ਅੱਜ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਦੋ ਮੋਟਰਸਾਈਕਲ ਸਵਾਰ ਸਖ਼ਤ ਜ਼ਖ਼ਮੀ ਹੋ ਗਏ ਹਨ। ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
ਥਾਣਾ ਡੇਹਲੋਂ ਦੀ ਨੂੰ ਪਿੰਡ ਦਬੁਰਜੀ ਵਾਸੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਹ ਤੇ ਉਸ ਦਾ ਭਰਾ ਜਗਵਿੰਦਰ ਸਿੰਘ ਆਪੋ ਆਪਣੇ ਮੋਟਰਸਾਈਕਲਾਂ ’ਤੇ ਪਿੰਡ ਵਾਪਸ ਆ ਰਹੇ ਸਨ ਤਾਂ ਹਰਨਾਮਪੁਰਾ ਪੁਲ ਸਾਹਮਣੇ ਐੱਚਪੀ ਪੈਟਰੋਲ ਪੰਪ ਤੋਂ ਲੰਘਣ ਲੱਗਿਆਂ ਇੱਕ ਟਰਾਲੇ ਦੇ ਡਰਾਈਵਰ ਨੇ ਜਗਵਿੰਦਰ ਸਿੰਘ ਦੇ ਮੋਟਰਸਾਈਕਲ ਵਿੱਚ ਟੱਕਰ ਮਾਰੀ ਜਿਸ ਨਾਲ ਉਹ ਹੇਠਾਂ ਡਿੱਗ ਪਿਆ ਅਤੇ ਉਸ ਦੀ ਮੌਕੇ ’ਤੇ ਹੀ ਮੋਤ ਹੋ ਗਈ।
ਇੱਕ ਹੋਰ ਮਾਮਲੇ ਵਿੱਚ ਥਾਣਾ ਡੇਹਲੋਂ ਦੀ ਪੁਲੀਸ ਨੂੰ ਪਿੰਡ ਮੰਡ ਗੁਰਦਾਸਪੁਰ ਵਾਸੀ ਬਲਕਾਰ ਸਿੰਘ ਨੇ ਦੱਸਿਆ ਹੈ ਕਿ ਉਸ ਦਾ ਭਰਾ ਸਤਨਾਮ ਸਿੰਘ ਆਪਣੇ ਮੋਟਰਸਾਈਕਲ ’ਤੇ ਜਾ ਰਿਹਾ ਸੀ ਤਾਂ ਪਿੰਡ ਪੋਹੀੜ ’ਚ ਇੱਕ ਤੇਜ਼ ਰਫ਼ਤਾਰ ਕੈਂਟਰ ਚਾਲਕ ਉਸ ਨੂੰ ਫੇਟ ਮਾਰ ਕੇ ਫ਼ਰਾਰ ਹੋ ਗਿਆ। ਟੱਕਰ ਨਾਲ ਸਤਨਾਮ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਸੇ ਤਰ੍ਹਾਂ ਥਾਣਾ ਕੂੰਮਕਲਾਂ ਦੀ ਪੁਲੀਸ ਨੂੰ ਸੰਗੀਤਾ ਦੇਵੀ ਨੇ ਦੱਸਿਆ ਕਿ ਉਸ ਦਾ ਪਤੀ ਘਣਸ਼ਿਆਮ
ਆਪਣੇ ਮੋਟਰਸਾਈਕਲ ’ਤੇ ਕੋਹਾੜਾ ਤੋਂ ਸਾਹਨੇਵਾਲ ਰੋਡ ਜਾ ਰਿਹਾ ਸੀ ਤਾਂ ਵਡੇਰਾ ਪੈਟਰੋਲ ਪੰਪ ਸਾਹਨੇਵਾਲ ਰੋਡ ਕੋਹਾੜਾ ਕੋਲ ਤੇਜ਼ ਰਫ਼ਤਾਰ ਟਰੱਕ ਚਾਲਕ ਪਰਮਜੀਤ ਸਿੰਘ ਨੇ ਮੋਟਰਸਾਈਕਲ ਨੂੰ ਟੱਕਰ ਮਾਰੀ ਤੇ ਫਰਾਰ ਹੋ ਗਿਆ। ਘਣਸ਼ਿਆਮ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲੀਸ ਨੇ ਡਰਾਈਵਰ ਪਰਮਜੀਤ ਸਿਘ ਵਾਸੀ ਪਿੰਡ ਘੜਾਮ ਸ਼ੇਰਗੜ ਪਟਿਆਲਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਇਸੇ ਤਰ੍ਹਾਂ ਥਾਣਾ ਮੇਹਰਬਾਨ ਦੀ ਪੁਲੀਸ ਨੂੰ ਪਿੰਡ ਜੀਵਨਪੁਰ ਵਾਸੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਮਹਿੰਦਰ ਸਿੰਘ ਆਪਣੇ ਸੀਰੀ ਰਿੰਕੂ ਯਾਦਵ ਨਾਲ ਬੁਲਟ ਮੋਟਰਸਾਈਕਲ ’ਤੇ ਆ ਰਿਹਾ ਸੀ ਤਾਂ ਇੱਕ ਕਾਰ ਚਾਲਕ ਹੈਪੀ ਸਿੰਘ ਵਾਸੀ ਹਮੀਰਪੁਰ ਨੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ ਜਿਸ ਕਾਰਨ ਮਹਿੰਦਰ ਨੂੰ ਕਾਫ਼ੀ ਸੱਟਾਂ ਲੱਗੀਆਂ ਤੇ ਮੋਟਰਸਾਈਕਲ ਦਾ ਵੀ ਨੁਕਸਾਨ ਹੋਇਆ ਹੈ। ਥਾਣੇਦਾਰ ਜੋਗਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਨੇ ਹੈਪੀ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਕਾਰ ਕਬਜ਼ੇ ਵਿੱਚ ਲੈ ਲਈ ਹੈ।