ਹਾਦਸਿਆਂ ਵਿੱਚ ਮਹਿਲਾ ਸਣੇ ਤਿੰਨ ਹਲਾਕ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 7 ਜੁਲਾਈ
ਵੱਖ ਵੱਖ ਥਾਵਾਂ ਤੇ ਹੋਏ ਸੜਕ ਹਾਦਸਿਆਂ ਵਿੱਚ ਇੱਕ ਔਰਤ ਸਮੇਤ ਤਿੰਨ ਜਣਿਆਂ ਦੀ ਮੌਤ ਹੋ ਗਈ ਹੈ ਜਦਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕੀਤੀ ਜਾ ਰਹੀ ਹੈ। ਥਾਣਾ ਸਰਾਭਾ ਨਗਰ ਦੇ ਇਲਾਕੇ ਉੱਤਰੀ ਬਾਈਪਾਸ ਸਥਿਤ ਕੱਟ ਲੋਧੀ ਕਲੱਬ ਰੋਡ ਕੋਲ ਇੱਕ ਬਲੈਰੋ ਗੱਡੀ ਦੀ ਔਰਤ ਨਾਲ ਟੱਕਰ ਹੋਣ ਨਾਲ ਔਰਤ ਦੀ ਮੌਤ ਹੋ ਗਈ ਹੈ। ਪ੍ਰੀਤ ਵਿਹਾਰ ਸਰਕੂਲਰ ਰੋੜ੍ਹ ਨਾਭਾ ਵਾਸੀ
ਬਲਵਿੰਦਰ ਸਿੰਘ ਦੀ ਭੈਣ ਪਰਮਜੀਤ ਕੌਰ ਵਾਸੀ ਐਫਜੇ ਹਾਊਸਿੰਗ ਬੋਰਡ ਕਲੋਨੀ ਲੋਧੀ ਕਲੱਬ ਰੋਡ ਕੋਲ ਜਾ ਰਹੀ ਸੀ ਕਿ ਭਾਈ ਰਣਧੀਰ ਸਿੰਘ ਨਗਰ ਵਾਸੀ ਲਖਵੀਰ ਸਿੰਘ ਨੇ ਆਪਣੀ ਬਲੈਰੋ ਗੱਡੀ ਨੰਬਰ ਪੀਬੀ 91 ਐਨ 7275 ਅਣਗਹਿਲੀ ਨਾਲ ਚਲਾ ਕੇ ਉਸ ਵਿੱਚ ਮਾਰੀ ਜਿਸ ਨਾਲ ਉਹ ਸਖ਼ਤ ਜ਼ਖ਼ਮੀ ਹੋ ਗਈ। ਇਲਾਜ਼ ਲਈ ਉਸਨੂੰ ਰਘੂਨਾਥ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ। ਥਾਣੇਦਾਰ ਪ੍ਰਸ਼ੋਤਮ ਲਾਲ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਲਾਸ਼ ਦੇ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਥਾਣਾ ਜਮਾਲਪੁਰ ਦੇ ਇਲਾਕੇ ਤਾਜਪੁਰ ਰੋਡ, ਪਿੰਡ ਖਾਸੀ ਕਲਾਂ ਵਿੱਖੇ ਪਿੰਡ ਭੂਖੜੀ ਕਲਾਂ ਵਾਸੀ ਗੁਰਚਰਨ ਸਿੰਘ ਆਪਣੇ ਪੁੱਤਰ
ਤਰਨਵੀਰ ਸਿੰਘ ਨਾਲ ਸਾਜਨ ਵੈਲਡਿੰਗ ਮਕੈਨਿਕ ਵਰਕਸ ਪਿੰਡ ਖਾਸੀ ਕਲਾਂ ਸਥਿਤ ਦੁਕਾਨ ਨੂੰ ਬੰਦ ਕਰਕੇ ਸਕੂਟਰ ਤੇ ਘਰ ਨੂੰ ਜਾਣ ਵਾਸਤੇ ਤਾਜਪੁਰ ਰੋਡ ਦੀ ਸਾਇਡ ਖੜ੍ਹੇ ਸਨ ਤਾਂ ਖਾਸੀ ਕਲਾਂ ਸਾਇਡ ਤੋਂ ਇੱਕ ਮੋਟਰਸਾਈਕਲ ਦੇ ਅਣਪਛਾਤੇ ਚਾਲਕ ਨੇ ਲਾਪ੍ਰਵਾਹੀ ਨਾਲ ਸਕੂਟਰ ਨੂੰ ਫੇਟ ਮਾਰੀ,ਜਿਸ ਨਾਲ ਦੋਹਾਂ ਨੂੰ ਕਾਫ਼ੀ ਸੱਟਾਂ ਲੱਗੀਆਂ। ਇਲਾਜ਼ ਲਈ ਉਨ੍ਹਾਂ ਨੂੰ ਇਕਾਈ ਹਸਪਤਾਲ ਲੈ ਕੇ ਗਏ ਤਾਂ ਡਾਕਟਰ ਸਾਹਿਬ ਨੇ ਗੁਰਚਰਨ ਸਿੰਘ ਨੂੰ ਮ੍ਰਿਤਕ ਕਰਾਰ ਕਰ ਦੇ ਦਿੱਤਾ। ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਇੱਕ ਹੋਰ ਮਾਮਲੇ ਵਿੱਚ ਥਾਣਾ ਕੂੰਮਕਲਾਂ ਦੇ ਪਿੰਡ ਰਾਈਆ ਵਿੱਖੇ ਅੰਬੇਦਕਰ ਕਲੋਨੀ ਮਾਛੀਵਾੜਾ ਰੋਡ ਸਮਰਾਲਾ ਵਾਸੀ ਰੂਪ ਲਾਲ ਦਾ ਲੜਕਾ ਸਦੀਕ (22 ਸਾਲ) ਦਾ ਮਾਛੀਵਾੜਾ ਤੋਂ ਕੋਹਾੜਾ ਰੋਡ ਨੇੜੇ ਰਾਈਆ ਪਿੰਡ ਕੋਲ ਐਕਸੀਡੈਟ ਹੋ ਗਿਆ। ਪਿੰਡ ਊਮੈਦਪੁਰ ਵਾਸੀ ਗਗਨਦੀਪ
ਸਿੰਘ ਨੇ ਆਪਣਾ ਸਿੰਲਡਰਾ ਨਾਲ ਲੋਡ ਕੈਂਟਰ ਅਣਗਹਿਲੀ ਨਾਲ ਚਲਾ ਕੇ ਉਸਨੂੰ ਫੇਟ ਮਾਰੀ ਜਿਸ ਨਾਲ ਉਹ ਸਖ਼ਤ ਜ਼ਖ਼ਮੀ ਹੋ ਗਿਆ। ਇਲਾਜ਼ ਲਈ ਉਸਨੂੰ ਸਿਵਲ ਹਸਪਤਾਲ ਲੁਧਿਆਣਾ ਭੇਜਿਆ ਗਿਆ ਜਿੱਥੇ ਇਲਾਜ਼ ਦੌਰਾਨ ਉਸਦੀ ਮੌਤ ਹੋ ਗਈ। ਹੌਲਦਾਰ ਪਰਮਜੀਤ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਜਦਕਿ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।