ਖੇਤਰੀ ਪ੍ਰਤੀਨਿਧ
ਲੁਧਿਆਣਾ, 1 ਜੂਨ
ਡੀਏਵੀ ਪਬਲਿਕ ਸਕੂਲ ਪੱਖੋਵਾਲ ਵਿੱਚ ਤਿੰਨ ਰੋਜ਼ਾ ਸਮਰੱਥਾ ਨਿਰਮਾਣ ਵਰਕਸ਼ਾਪ ਅੱਜ ਸਮਾਪਤ ਹੋ ਗਈ। ਇਸ ਕਾਰਜਸ਼ਾਲਾ ਵਿੱਚ ਪੰਜਾਬ ਜ਼ੋਨ ਐੱਫ ਅਤੇ ਐੱਚ ਤੋਂ ਲਗਪਗ 160 ਪ੍ਰਤੀਨਿਧੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਹਿੰਦੀ, ਪੰਜਾਬੀ, ਆਈਸੀਟੀ, ਕਾਮਰਸ, ਅਰਥਸ਼ਾਸਤਰ, ਕਲਾ ਅਤੇ ਆਈਪੀ ਦੇ ਅਧਿਆਪਕ ਸ਼ਾਮਲ ਹੋਏ। ਕਾਰਜਸ਼ਾਲਾ ਦਾ ਮੁੱਖ ਉਦੇਸ਼ ਕੌਮੀ ਸਿੱਖਿਆ ਨੀਤੀ 2020 ਅਤੇ ਕੌਮੀ ਪਾਠਕ੍ਰਮ ਢਾਂਚੇ ਦੇ ਉਦੇਸ਼ਾਂ ਨਾਲ ਅਧਿਐਨ-ਅਧਿਆਪਨ ਪ੍ਰਕਿਰਿਆਵਾਂ ਨੂੰ ਜੋੜਨਾ ਸੀ।
ਸਕੂਲ ਦੀ ਪ੍ਰਿੰਸੀਪਲ ਡਾ. ਸਤਵੰਤ ਕੌਰ ਭੁੱਲਰ ਨੇ ਸਰੋਤ ਸ਼ਖਸੀਅਤਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਵੱਖ ਵੱਖ ਡੀਏਵੀ ਸੰਸਥਾਵਾਂ ਦੇ ਅਧਿਆਪਕਾਂ ਨੂੰ ਨਵੇਂ ਤਰੀਕਿਆਂ ਨਾਲ ਵਿਦਿਆਰਥੀ ਕੇਂਦਰਤ ਅਤੇ ਗਿਆਨਾਤਮਕ ਢੰਗ ਨਾਲ ਸਿੱਖਿਆ ਦੇਣ ਲਈ ਪ੍ਰੇਰਿਤ ਕੀਤਾ। ਕਾਰਜਸ਼ਾਲਾ ਵਿੱਚ ਅਧਿਆਪਕਾਂ ਨੂੰ ਸਿੱਖਿਆ ਦੇ ਸਹਿਯੋਗੀ ਬਣਨ ਅਤੇ ਵਿਦਿਆਰਥੀਆਂ ਦੀਆਂ ਯੋਗਤਾਵਾਂ ਨੂੰ ਕਲਾ-ਆਧਾਰਤ ਤੇ ਖ਼ੁਦ ਕੰਮ ਕਰਕੇ ਸਿੱਖਣ ਦੀ ਯੋਗਤਾ ਨੂੰ ਨਿਖਾਰਨ ਉੱਤੇ ਧਿਆਨ ਦਿੱਤਾ ਗਿਆ। ਕਾਰਜਸ਼ਾਲਾ ਵਿੱਚ ਵਿਅਕਤੀਗਤ ਸਿੱਖਣ ਦੀਆਂ ਲੋੜਾਂ ਅਨੁਸਾਰ ਨਵੀਨ ਵਰਕਸ਼ੀਟਾਂ, ਡਿਜੀਟਲ ਪਾਠ ਯੋਜਨਾਵਾਂ, ਯੋਗਤਾ-ਅਧਾਰਤ ਪ੍ਰਸ਼ਨ ਪੱਤਰ ਆਦਿ ਤਿਆਰ ਕਰਨ ਲਈ ਪ੍ਰੇਰਿਤ ਕੀਤਾ ਗਿਆ। ਡਾ. ਭੁੱਲਰ ਨੇ ਇੰਨਾਂ ਸਿੱਖੇ ਹੋਏ ਅਨੁਭਵਾਂ ਨੂੰ ਹੋਰ ਸਹਿਯੋਗੀਆਂ ਤੱਕ ਫੈਲਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਤਾਂ ਜੋ ਪੂਰੇ ਸਿੱਖਿਆਤਮਕ ਢਾਂਚੇ ਵਿੱਚ ਅਧਿਆਪਨ ਕਲਾ ਦੀ ਗੁਣਵੱਤਾ ਨੂੰ ਹੋਰ ਉੱਚਾ ਚੁੱਕਿਆ ਜਾ ਸਕੇ। ਇਹ ਕਾਰਜਸ਼ਾਲਾ ਅਧਿਆਪਕਾਂ ਲਈ ਗਿਆਨਵਰਧਕ ਅਤੇ ਆਪਣੇ ਉਦੇਸ਼ ਵਿੱਚ ਸਫਲ ਰਹੀ।