DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਾਰੋਬਾਰੀ ਦੇ ਘਰ ’ਤੇ ਗੋਲੀਆਂ ਚਲਾਉਣ ਵਾਲੇ ਤਿੰਨ ਕਾਬੂ

ਵਿਦੇਸ਼ ਬੈਠੇ ਗੈਂਗਸਟਰ ਨਮਿਤ ਦੇ ਇਸ਼ਾਰੇ ’ਤੇ ਚਲਾਈਆਂ ਸਨ ਗੋਲੀਆਂ
  • fb
  • twitter
  • whatsapp
  • whatsapp
featured-img featured-img
ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਪੁਲੀਸ ਵੱਲੋਂ ਹਥਿਆਰ ਤੇ ਕਾਰਤੂਸ ਬਰਾਮਦ

ਜਵਾਹਰ ਨਗਰ ਕੈਂਪ ਵਿੱਚ ਕਾਰੋਬਾਰੀ ਕਮਲਜੀਤ ਸਿੰਘ ਦੇ ਘਰ ਦੇ ਬਾਹਰ ਗੋਲੀਆਂ ਚਲਾ ਕੇ ਇਲਾਕੇ ਵਿੱਚ ਦਹਿਸ਼ਤ ਫੈਲਾਉਣ ਵਾਲੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਕਮਲਜੀਤ ਦੇ ਘਰ ਦੇ ਬਾਹਰ ਗੋਲੀਆਂ ਵਿਦੇਸ਼ ਵਿੱਚ ਬੈਠੇ ਗੈਂਗਸਟਰ ਨਮਿਤ ਸ਼ਰਮਾ ਦੇ ਗੈਂਗਸਟਰਾਂ ਵੱਲੋਂ ਚਲਾਈਆਂ ਗਈਆਂ ਸਨ। ਪੁਲੀਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਹਥਿਆਰ ਬਰਾਮਦ ਕੀਤੇ ਹਨ। ਕਤਲ ਕੇਸ ਦੇ ਮਾਮਲੇ ਵਿੱਚ ਕਮਲਜੀਤ ਸਿੰਘ ਦੀ ਗਵਾਹੀ ਸੀ, ਉਸ ਮਾਮਲੇ ਵਿੱਚ ਹੀ ਜੇਲ੍ਹ ਵਿੱਚ ਬੰਦ ਦਰਪਨ ਨੇ ਗੈਂਗਸਟਰ ਨਮਿਤ ਸ਼ਰਮਾ ਨੂੰ ਕਹਿ ਕੇ ਗੋਲੀਆਂ ਚਲੀਆਂ ਸਨ ਤਾਂ ਕਿ ਕਮਲਜੀਤ ਸਿੰਘ ਗਵਾਹੀ ਨਾ ਦੇ ਸਕੇ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਜਵਾਹਰ ਨਗਰ ਕੈਂਪ ਦੇ ਰਹਿਣ ਵਾਲੇ ਮਾਨਿਆ ਸਾਹਨੀ, ਕੁਸ਼ਵੀਰ ਸਿੰਘ ਉਰਫ਼ ਗੁਰੀ ਅਤੇ ਵਰੁਣ ਗੋਗੀ ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਤੋਂ 32 ਬੋਰ ਦੇ ਚਾਰ ਪਿਸਤੌਲ, 30 ਬੋਰ ਦਾ ਇੱਕ ਪਿਸਤੌਲ, 32 ਬੋਰ ਦੇ 6 ਮੈਗਜ਼ੀਨ , 30 ਬੋਰ ਦਾ 1 ਮੈਗਜ਼ੀਨ , 30 ਬੋਰ ਦੇ ਦੋ ਮੈਗਜ਼ੀਨ ਵੱਡੇ, 32 ਬੋਰ ਦੇ 22 ਕਾਰਤੂਸ, ਪੰਜ ਕਾਰਤੂਸ ਰਿਵਾਲਵਰ, ਤਿੰਨ ਖਾਲੀ ਕਾਰਤੂਸ ਅਤੇ ਇੱਕ ਬਿਨਾਂ ਨੰਬਰ ਵਾਲਾ ਐਕਟਿਵਾ ਬਰਾਮਦ ਕੀਤਾ ਹੈ। ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਅਕਸ਼ੈ ਅਤੇ ਦਾਨਿਸ਼ ਹਾਲੇ ਵੀ ਫਰਾਰ ਹਨ। ਪੁਲੀਸ ਉਨ੍ਹਾਂ ਦੀ ਭਾਲ ਵਿੱਚ ਲਗਾਤਾਰ ਛਾਪੇਮਾਰੀ ਕਰ ਰਹੀ ਹੈ।

Advertisement

ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਪੱਤਰਕਾਰ ਮਿਲਣੀ ਦੌਰਾਨ ਦੱਸਿਆ ਕਿ ਕਮਲਜੀਤ ਤਿੰਨ ਸਾਲ ਪਹਿਲਾਂ ਹੋਏ ਇੱਕ ਕਤਲ ਕੇਸ ਵਿੱਚ ਮੁੱਖ ਗਵਾਹ ਸੀ ਅਤੇ ਉਸ ਨੇ ਕੁਝ ਸਮੇਂ ਬਾਅਦ ਅਦਾਲਤ ਵਿੱਚ ਗਵਾਹੀ ਦੇਣੀ ਸੀ। ਉਸ ਕਤਲ ਕੇਸ ਦਾ ਮੁਲਜ਼ਮ ਦਰਪਨ ਪਹਿਲਾਂ ਹੀ ਜੇਲ੍ਹ ਵਿੱਚ ਹੈ। ਉਹ ਚਾਹੁੰਦਾ ਸੀ ਕਿ ਕਮਲਜੀਤ ਆਪਣੀ ਗਵਾਹੀ ਵਾਪਸ ਲੈ ਲਵੇ ਤਾਂ ਜੋ ਉਸ ਨੂੰ ਕੇੇਸ ਵਿੱਚ ਫਾਇਦਾ ਹੋ ਸਕੇ, ਪਰ ਕਮਲਜੀਤ ਗਵਾਹੀ ਦੇਣ ’ਤੇ ਅੜਿਆ ਰਿਹਾ। ਦਰਪਨ ਨੇ ਕਈ ਲੋਕਾਂ ਰਾਹੀਂ ਉਸ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਸੀ। ਜੇਲ੍ਹ ਵਿੱਚੋਂ ਹੀ ਦਰਪਨ ਨੇ ਵਿਦੇਸ਼ ਵਿਚੱ ਬੈਠੇ ਆਪਣੇ ਦੋਸਤ ਗੈਂਗਸਟਰ ਨਮਿਤ ਸ਼ਰਮਾ ਦੇ ਨਾਲ ਨਾਲ ਗੱਲ ਕੀਤੀ ਅਤੇ ਕਮਲਜੀਤ ਨੂੰ ਡਰਾਉਣ ਦੀ ਯੋਜਨਾ ਬਣਾਈ। ਗੈਂਗਸਟਰ ਨਮਿਤ ਸ਼ਰਮਾ ਨੇ ਮੁਲਜ਼ਮਾਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਘਰ ਦੇ ਬਾਹਰ ਗੋਲੀਆਂ ਚਲਾ ਕੇ ਕਮਲਜੀਤ ਨੂੰ ਡਰਾਉਣ ਲਈ ਕਿਹਾ। ਮੁਲਜ਼ਮਾਂ ਨੇ ਇਸ ਅਪਰਾਧ ਨੂੰ ਅੰਜਾਮ ਵੀ ਦਿੱਤਾ, ਪਰ ਇਹ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਕਿ ਮੁਲਜ਼ਮ ਅਕਸ਼ੈ ਅਤੇ ਦਾਨਿਸ਼ ਹਾਲੇ ਵੀ ਫਰਾਰ ਹਨ। ਉਨ੍ਹਾਂ ਦੀ ਭਾਲ ਵਿੱਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲੀਸ ਅਨੁਸਾਰ ਮੁਲਜ਼ਮ ਨਮਿਤ ਸ਼ਰਮਾ ਖ਼ਿਲਾਫ਼ ਕਈ ਕੇਸ ਦਰਜ ਹਨ ਅਤੇ ਉਹ ਅੱਠ ਮਾਮਲਿਆਂ ਵਿੱਚ ਪੁਲੀਸ ਨੂੰ ਲੋੜੀਂਦਾ ਹੈ। ਉਹ ਕਈ ਲੋਕਾਂ ਨੂੰ ਫਿਰੌਤੀ ਮੰਗਣ ਲਈ ਧਮਕੀਆਂ ਵੀ ਦਿੰਦਾ ਰਹਿੰਦਾ ਹੈ।

ਚਾਰ ਦਿਨ ਚੱਲੀ ਪੁਲੀਸ ਦੀ ਛਾਪਾਮਾਰੀ

ਜਵਾਹਰ ਨਗਰ ਕੈਂਪ ਵਿੱਚ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਲੁਧਿਆਣਾ ਤੋਂ ਭੱਜ ਗਏ। ਜਦੋਂ ਪੁਲੀਸ ਨੇ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਇਨਪੁਟ ਮਿਲੇ ਕਿ ਮੁਲਜ਼ਮ ਹਿਮਾਚਲ ਪ੍ਰਦੇਸ਼ ਭੱਜ ਗਏ ਹਨ। ਵੱਖ-ਵੱਖ ਪੁਲੀਸ ਟੀਮਾਂ ਹਿਮਾਚਲ ਪ੍ਰਦੇਸ਼ ਵਿੱਚ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਲਈ ਰਵਾਨਾ ਹੋਈਆਂ। ਪੁਲੀਸ ਨੇ 650 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਤੈਅ ਕੀਤਾ। ਚਾਰ ਦਿਨਾਂ ਤੱਕ, ਪੁਲੀਸ ਹਿਮਾਚਲ ਪ੍ਰਦੇਸ਼ ਪੁਲੀਸ ਨਾਲ ਵੱਖ-ਵੱਖ ਥਾਵਾਂ ’ਤੇ ਘੁੰਮਦੀ ਰਹੀ ਅਤੇ ਛਾਪੇਮਾਰੀ ਕਰਦੀ ਰਹੀ, ਪਰ ਮੁਲਜ਼ਮ ਉਨ੍ਹਾਂ ਨੂੰ ਚਕਮਾ ਦੇ ਕੇ ਭੱਜ ਜਾਂਦੇ ਸਨ। ਇਸ ਦੌਰਾਨ, ਪੁਲੀਸ ਨੂੰ ਇਨਪੁਟ ਮਿਲੇ ਕਿ ਤਿੰਨ ਮੁਲਜ਼ਮ ਲੁਧਿਆਣਾ ਪਹੁੰਚ ਗਏ ਹਨ। ਜਿਸ ਤੋਂ ਬਾਅਦ ਮੁਲਜ਼ਮਾਂ ਨੂੰ ਘੇਰ ਕੇ ਕਾਬੂ ਕਰ ਲਿਆ ਗਿਆ। 

Advertisement
×