ਸਰਕਾਰੀ ਇਮਾਰਤਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਸਨਅਤੀ ਸ਼ਹਿਰ ਲੁਧਿਆਣਾ ਵਿੱਚ ਕੁਝ ਸਰਕਾਰੀ ਬਿਲਡਿੰਗਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ, ਜਿਸ ਤੋਂ ਬਾਅਦ ਲੁਧਿਆਣਾ ਪੁਲੀਸ ਅਲਰਟ ’ਤੇ ਹੈ। ਪੁਲੀਸ ਨੂੰ ਇਹ ਧਮਕੀ ਈ-ਮੇਲ ਤੋਂ ਇਲਾਵਾ ਫੋਨ ’ਤੇ ਵੀ ਮਿਲੀ ਹੈ। ਜਿਸ ਤੋਂ ਬਾਅਦ ਪੁਲੀਸ ਨੇ ਸਰਕਾਰੀ ਬਿਲਡਿੰਗਾਂ ਅਤੇ ਪੁਲੀਸ ਥਾਣਿਆਂ ਦੀਆਂ ਇਮਾਰਤਾਂ ਦੀ ਸੁਰੱਖਿਆ ਵਿੱਚ ਵਾਧਾ ਕਰ ਦਿੱਤਾ ਹੈ। ਸੁਰੱਖਿਆ ਏਜੰਸੀਆਂ ਨੇ ਲੁਧਿਆਣਾ ਪੁਲੀਸ ਨੂੰ ਪਹਿਲਾਂ ਹੀ ਚੌਕਸ ਕੀਤਾ ਹੈ ਜਿਸ ਕਾਰਨ ਲੁਧਿਆਣਾ ਪੁਲੀਸ ਪੂਰੀ ਤਰ੍ਹਾਂ ਨਾਲ ਚੌਕਸ ਹੈ। ਪੁਲੀਸ ਨੇ ਪਹਿਲਾਂ ਹੀ ਕਈ ਪੁਲੀਸ ਥਾਣਿਆਂ ਅਤੇ ਸਰਕਾਰੀ ਇਮਾਰਤਾਂ ਦੇ ਬਾਹਰ ਸੁਰੱਖਿਆ ਸਖ਼ਤ ਕਰ ਦਿੱਤੀ ਹੈ। ਹਾਲਾਂਕਿ, ਅਧਿਕਾਰੀ ਇਸ ਨੂੰ ਰੋਜ਼ਾਨਾ ਹੋਣ ਵਾਲੀ ਚੈਕਿੰਗ ਦੱਸ ਰਹੇ ਹਨ। ਦੱਸਣਯੋਗ ਹੈ ਕਿ ਪੁਲੀਸ ਨੇ ਜਿਸ ਤਰ੍ਹਾਂ ਦੀ ਸੁਰੱਖਿਆ ਲੁਧਿਆਣਾ ਦੇ ਥਾਣਿਆਂ ਬਾਹਰ ਲਾਈ ਹੈ, ਉਸੇ ਤਰ੍ਹਾਂ ਦੀ ਸੁਰੱਖਿਆ ਪਠਾਨਕੋਟ ਵਿੱਚ ਦਹਿਸ਼ਤੀ ਹਮਲੇ ਵੇਲੇ ਲਾਈ ਗਈ ਸੀ। ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਸ਼ੇਸ਼ ਚੈੱਕ ਪੁਆਇੰਟ ਸਥਾਪਤ ਕਰ ਕੇ ਚੈਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਪੁਲੀਸ ਨੇ ਗਸ਼ਤ ਵਧਾ ਦਿੱਤੀ ਹੈ ਤੇ ਕਈ ਸਰਕਾਰੀ ਦਫਤਰਾਂ ਤੇ ਸੰਵੇਦਨਸ਼ੀਲ ਥਾਵਾਂ ’ਤੇ ਵਾਧੂ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਹੈ। ਲੁਧਿਆਣਾ ਵਰਗੇ ਵੱਡੇ ਉਦਯੋਗਿਕ ਸ਼ਹਿਰ ਵਿੱਚ ਕਿਸੇ ਦਹਿਸ਼ਤੀ ਹਮਲੇ ਦੇ ਖ਼ਤਰੇ ਨੂੰ ਟਾਲਣ ਲਈ ਸੁਰੱਖਿਆ ਏਜੰਸੀਆਂ ਨੂੰ ਚੌਕਸ ਕਰ ਦਿੱਤਾ ਹੈ। ਹਰ ਗਤੀਵਿਧੀ ’ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸ਼ਹਿਰ ਵਿੱਚ ਸਰਕਾਰੀ ਇਮਾਰਤਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ, ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹੀਆਂ ਧਮਕੀਆਂ ਮਿਲ ਚੁੱਕੀਆਂ ਹਨ।