ਰਾਹਗੀਰਾਂ ਤੋਂ ਲੁੱਟ-ਖੋਹ ਕਰਨ ਵਾਲੇ ਗ੍ਰਿਫ਼ਤਾਰ
ਰਸਤੇ ਵਿੱਚ ਰਾਹਗੀਰਾਂ ਤੋਂ ਰੋਕ ਕੇ ਤੇਜ਼ਧਾਰ ਹਥਿਆਰਾਂ ਦਿਖਾ ਕੇ ਡਰਾ-ਧਮਕਾ ਕੇ ਮੋਬਾਈਲ ਫੋਨ ਤੇ ਹੋਰ ਸਾਮਾਨ ਸੁੱਟਣ ਵਾਲੇ ਗਰੋਹ ਦੇ ਦੋ ਮੈਂਬਰਾਂ ਨੂੰ ਡਿਵੀਜ਼ਨ 2 ਦੀ ਟੀਮ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਪੁਰਾਣੀ ਜੇਲ੍ਹ ਨੇੜੇ ਨਾਕਾਬੰਦੀ ਦੌਰਾਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਵੱਖ-ਵੱਖ ਕੰਪਨੀਆਂ ਦੇ 13 ਮੋਬਾਈਲ ਫੋਨ ਅਤੇ ਦੋ ਐਕਟਿਵਾ ਬਰਾਮਦ ਕੀਤੇ। ਗਿ੍ਰਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਇਸਲਾਮਗੰਜ ਦੇ ਰਹਿਣ ਵਾਲੇ ਪ੍ਰਿੰਸ ਸਿੰਘ ਉਰਫ਼ ਕਾਕਾ ਅਤੇ ਫੀਲਡਗੰਜ ਦੇ ਰਹਿਣ ਵਾਲੇ ਅਮਿਤ ਸੋਨੀ ਵੱਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਦੋਵਾਂ ਨੂੰ ਇੱਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਪੁਲੀਸ ਮੁਲਜ਼ਮਾਂ ਤੋਂ ਪੁੱਛ-ਪੜਤਾਲ ਕਰ ਰਹੀ ਹੈ। ਏਡੀਸੀਪੀ ਸਮੀਰ ਵਰਮਾ ਨੇ ਪੱਤਰਕਾਰ ਮਿਲਣੀ ਦੌਰਾਨ ਦੱਸਿਆ ਕਿ ਡਿਵੀਜ਼ਨ 2 ਪੁਲੀਸ ਨੇ ਪੁਰਾਣੀ ਜੇਲ੍ਹ ਦੇ ਪਿੱਛੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਦੋਵੇਂ ਮੁਲਜ਼ਮ ਇੱਕ ਐਕਟਿਵਾ ’ਤੇ ਲੰਘ ਰਹੇ ਸਨ। ਪੁਲੀਸ ਪਾਰਟੀ ਨੂੰ ਦੇਖ ਕੇ ਮੁਲਜ਼ਮ ਪਿੱਛੇ ਮੁੜ ਗਏ । ਪੁਲੀਸ ਨੇ ਕਿਸੇ ਤਰ੍ਹਾਂ ਪਿੱਛਾ ਕਰਕੇ ਮੁਲਜ਼ਮਾਂ ਨੂੰ ਰੋਕਿਆ ਅਤੇ ਉਨ੍ਹਾਂ ਨੂੰ ਫੜ ਲਿਆ। ਜਦੋਂ ਪੁਲੀਸ ਨੇ ਦਸਤਾਵੇਜ਼ ਮੰਗੇ ਤਾਂ ਮੁਲਜ਼ਮ ਕੁਝ ਨਹੀਂ ਦਿਖਾ ਸਕੇ। ਪੁਲੀਸ ਅਨੁਸਾਰ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਮੁਲਜ਼ਮਾਂ ਨੇ ਐਕਟਿਵਾ ਚੋਰੀ ਕੀਤੀ ਸੀ ਅਤੇ ਇਸ ’ਤੇ ਸਵਾਰ ਹੋ ਕੇ ਰਾਹਗੀਰਾਂ ਤੋਂ ਮੋਬਾਈਲ ਫੋਨ ਲੁੱਟਦੇ ਸਨ। ਮੁਲਜ਼ਮਾਂ ਵੱਲੋਂ ਦਿੱਤੀ ਗਈ ਜਾਣਕਾਰੀ ’ਤੇ ਪੁਲੀਸ ਨੇ ਇੱਕ ਐਕਟਿਵਾ ਅਤੇ 13 ਮੋਬਾਈਲ ਫੋਨ ਬਰਾਮਦ ਕੀਤੇ ਹਨ। ਪੁਲੀਸ ਵੱਲੋਂ ਮੁਲਜ਼ਮਾਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।