ਸੋਲਰ ਲਾਈਟ ਘਪਲੇ ਦੇ ਜ਼ਿੰਮੇਵਾਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ: ਸੌਂਦ
ਬਲਾਕ ਖੰਨਾ ਵਿੱਚ ਹੋਏ 25 ਲੱਖ ਰੁਪਏ ਦੇ ਸੋਲਰ ਲਾਈਟ ਘਪਲੇ ’ਤੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਮੁਲਜ਼ਮ, ਅਧਿਕਾਰੀਆਂ ਤੇ ਠੇਕੇਦਾਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਜਾਂਚ ਰਿਪਰੋਟ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਜ਼ਿੰਮੇਵਾਰ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਜਾਵੇਗਾ ਅਤੇ ਚਾਰਜਸ਼ੀਟ ਦਾਇਰ ਕਰ ਕੇ ਠੇਕੇਦਾਰ ਸਣੇ ਹੋਰਾਂ ਤੋਂ ਇੱਕ-ਇੱਕ ਪੈਸਾ ਵਸੂਲਿਆ ਜਾਵੇਗਾ। ਕੈਬਨਿਟ ਮੰਤਰੀ ਸੌਂਦ ਨੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ’ਤੇ ਵੀ ਗੰਭੀਰ ਦੋਸ਼ ਲਾਉਂਦਿਆਂ ਦਾਅਵਾ ਕੀਤਾ ਕਿ ਸ੍ਰੀ ਕੋਟਲੀ ਦੇ ਕਰੀਬੀ ਭੁਪਿੰਦਰ ਸਿੰਘ ਭਿੰਦਾ ਨੇ ਆਪਣੇ ਪੁੱਤਰ ਜਸਦੇਵ ਸਿੰਘ ਦੇ ਨਾਂਅ ਤੇ ਇੱਕ ਕਰੋੜ ਰੁਪਏ ਦਾ ਟੈਂਡਰ ਲਿਆ ਅਤੇ ਖੰਨਾ ਬਲਾਕ ਦੇ 20 ਪਿੰਡਾਂ ਵਿਚ ਕੰਮ ਕਰਵਾਇਆ। ਇਸ ਟੈਂਡਰ ਵਿੱਚ 24.52 ਲੱਖ ਰੁਪਏ ਦਾ ਕਥਿਤ ਗਬਨ ਸਾਬਤ ਹੋਇਆ ਹੈ।
ਸ੍ਰੀ ਸੌਂਦ ਨੇ ਕਿਹਾ ਕਿ ਸਰਕਾਰ ਜਨਤਾ ਦੇ ਟੈਕਸ ਦੇ ਪੈਸੇ ਨੂੰ ਹੜੱਪਣ ਵਾਲਿਆਂ ਪ੍ਰਤੀ ਕੋਈ ਨਰਮੀ ਨਹੀਂ ਦਿਖਾਵੇਗੀ। ਉਨ੍ਹਾਂ ਕੁਝ ਤਸਵੀਰਾਂ ਜਾਰੀ ਕੀਤੀਆਂ ਜਿਸ ਵਿਚ ਠੇਕੇਦਾਰ ਦੇ ਪਿਤਾ ਅਤੇ ਸਾਬਕਾ ਮੰਤਰੀ ਕੋਟਲੀ ਇਕੱਠੇ ਦਿਖਾਈ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਘਪਲਾ 2021 ਵਿਚ ਸਾਹਮਣੇ ਆਇਆ ਸੀ ਜਦੋਂ ਕਾਂਗਰਸ ਸਰਕਾਰ ਦੌਰਾਨ ਖੰਨਾ ਬਲਾਕ ਦੇ 20 ਪਿੰਡਾਂ ਵਿੱਚ ਸੋਲਰ ਲਾਈਟਾਂ ਲਾਉਣ ਦਾ ਕੰਮ ਇਕ ਹੀ ਫਰਮ ਨੂੰ ਸੌਂਪਿਆ ਗਿਆ ਸੀ ਜਦੋਂਕਿ ਨਿਯਮਾਂ ਅਨੁਸਾਰ ਟੈਂਡਰ ਪ੍ਰੀਕਿਰਿਆ ਹੋਣੀ ਚਾਹੀਦੀ ਸੀ। ਬਾਅਦ ਵਿੱਚ ਜਾਂਚ ਤੋਂ ਪਤਾ ਲੱਗਾ ਕਿ ਲਾਈਆਂ ਗਈਆਂ ਲਾਈਟਾਂ ਮਾੜੀ ਕੁਆਲਿਟੀ ਦੀਆਂ ਸਨ, ਇਹ ਜਲਦੀ ਹੀ ਖ਼ਰਾਬ ਹੋ ਗਈਆਂ ਸਨ। ਕਈ ਖੰਭਿਆਂ ’ਤੇ ਲਾਈਟਾਂ ਹੀ ਨਹੀਂ ਲਾਈਆਂ ਗਈਆਂ। ਇਹ ਮਾਮਲੇ ਦਾ ਪਰਦਾਫ਼ਾਸ਼ ਸ਼ਿਕਾਇਤਕਰਤਾ ਸੰਤੋਖ ਸਿੰਘ ਬੈਨੀਪਾਲ ਵੱਲੋਂ ਕੀਤਾ ਗਿਆ। ਉਨ੍ਹਾਂ ਆਰਟੀਆਈ ਰਾਹੀਂ ਦਸਤਾਵੇਜ਼ ਪ੍ਰਾਪਤ ਕੀਤੇ ਤੇ 2023 ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖਤੀ ਸ਼ਿਕਾਇਤ ਕੀਤੀ। ਇਸ ਉਪਰੰਤ ਪੰਚਾਇਤ ਵਿਭਾਗ ਨੇ ਜਾਂਚ ਆਰੰਭ ਕੀਤੀ ਅਤੇ ਜੂਨ 2025 ਵਿੱਚ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਧਿਕਾਰੀ ਲੁਧਿਆਣਾ ਨੇ ਆਪਣੀ ਰਿਪਰੋਟ ਵਿਭਾਗ ਦੇ ਡਾਇਰੈਕਟਰ ਨੂੰ ਭੇਜੀ। ਇਸ ਵਿੱਚ ਸਪੱਸ਼ਟ ਤੌਰ ’ਤੇ ਕਿਹਾ ਗਿਆ ਸੀ ਕਿ ਬੀਡੀਪੀਓ, ਏਈ, ਜੇਈ ਅਤੇ ਠੇਕੇਦਾਰ ਸਿੱਧੇ ਤੌਰ ’ਤੇ ਮੁਲਜ਼ਮ ਹਨ ਅਤੇ ਉਨ੍ਹਾਂ ਵਿਰੁੱਧ ਵਸੂਲੀ ਤੇ ਅਨੁਸ਼ਾਸਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਇਸ ਦੌਰਾਨ ਸ੍ਰੀ ਬੈਨੀਪਾਲ ਨੇ ਕਿਹਾ ਕਿ ਡਾਇਰੈਕਟਰ ਦਫ਼ਤਰ ਤੋਂ ਲੁਧਿਆਣਾ ਦਫ਼ਤਰ ਦੀ ਦੂਰੀ ਸਿਰਫ਼ ਤਿੰਨ ਕਿਲੋਮੀਟਰ ਹੈ ਪਰ ਫਾਈਲ ਉੱਥੇ ਤੱਕ ਪਹੁੰਚਣ ਵਿੱਚ 70 ਦਿਨ ਲੱਗ ਗਏ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਮੁਲਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਪੰਚਾਇਤ ਮੰਤਰੀ ਸੌਂਦ ਦੇ ਸਖ਼ਤ ਐਲਾਨ ਉਪਰੰਤ ਹੁਣ ਪਿੰਡਾਂ ਦੇ ਲੋਕਾਂ ਨੂੰ ਉਮੀਦ ਜਾਗੀ ਹੈ ਕਿ ਘਪਲੇ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।