ਐੱਸ ਟੀ ਐੱਫ ਅਤੇ ਵਿਜੀਲੈਂਸ ਅਧਿਕਾਰੀ ਬਣ ਕੇ ਫਿਰੌਤੀ ਲੈਣ ਵਾਲੇ ਕਾਬੂ
ਐੱਸ ਡੀ ਓ ਤੇ ਜੇਈ ਨੂੰ ਬੰਦੀ ਬਣਾ ਕੇ 7.20 ਲੱਖ ਵਸੂਲੇ
ਇਥੇ ਐੱਸਟੀਐੱਫ ਅਤੇ ਵਿਜੀਲੈਂਸ ਬਿਊਰੋ ਦੇ ਅਧਿਕਾਰੀ ਬਣ ਕੇ ਪਾਵਰਕੌਮ ਦੇ ਐੱਸਡੀਓ ਤੇ ਜੇਈ ਨੂੰ ਪਹਿਲਾਂ ਬੰਦੀ ਬਣਾਇਆ ਅਤੇ ਫੇਰ ਲੱਖਾਂ ਰੁਪਏ ਦੀ ਫਿਰੌਤੀ ਲਈ। ਦਾਖਾ ਪੁਲੀਸ ਨੇ ਚਾਰਾਂ ਮੁਲਜ਼ਮਾਂ ਵਿੱਚੋਂ ਮੁੱਖ ਮੁਲਜ਼ਮ ਤੇ ਉਸ ਦੇ ਇਕ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬਾਕੀ ਦੋ ਫਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।
ਡੀਐੱਸਪੀ ਦਾਖਾ ਵਰਿੰਦਰ ਸਿੰਘ ਖੋਸਾ ਮੁਤਾਬਕ ਫਿਰੌਤੀ ਦੀ ਰਕਮ 7 ਲੱਖ 20 ਹਜ਼ਾਰ ਰੁਪਏ ਅਤੇ ਵਰਤੀ ਗਈ ਕਰੋਲਾ ਗੱਡੀ ਫਰਾਰ ਮੁਲਜ਼ਮ ਵਿਨੈ ਅਰੋੜਾ ਕੋਲ ਹੈ। ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ ਦੋ ਇਨੋਵਾ ਗੱਡੀਆਂ, ਦੋ ਮੋਬਾਈਲ ਅਤੇ ਮੀਡੀਆ ਅਦਾਰਿਆਂ ਦੇ ਆਈ ਕਾਰਡ ਤਾਂ ਬਣੇ ਹੀ ਹਨ, ਨਾਲ ਹੀ ਮੁੱਖ ਮੁਲਜ਼ਮ ਦੀ ਪੁਲੀਸ ਵਰਦੀ ਵਿੱਚ ਫੋਟੋਆਂ ਵੀ ਮਿਲੀਆਂ ਹਨ। ਚਾਰੇ ਮੁਲਜ਼ਮ ਪਟਿਆਲੇ ਜ਼ਿਲ੍ਹੇ ਨਾਲ ਸਬੰਧਤ ਹਨ। ਡੀ ਐੱਸ ਪੀ ਖੋਸਾ ਅਤੇ ਐੱਸ ਐੱਚ ਓ ਹਮਰਾਜ ਸਿੰਘ ਨੇ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਫਿਰੌਤੀ ਅਤੇ ਠੱਗੀਆਂ ਦੇ ਪਰਚੇ ਹਨ। ਥਾਣਾ ਦਾਖਾ ਵਿੱਚ ਪੁਲੀਸ ਨੇ ਰਾਜਵੀਰ ਉਰਫ ਅਮਨ ਰਾਜਪੂਤ, ਵਿਨੈ ਅਰੋੜਾ, ਗਗਨਦੀਪ ਉਰਫ ਗੁਰਿੰਦਰ ਗਿੱਲ ਅਤੇ ਬ੍ਰਹਮਪ੍ਰੀਤ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦਾ ਹੁਣ ਰਿਮਾਂਡ ਲੈ ਕੇ ਹੋਰ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਾਵਰਕੌਮ ਦੇ ਐੱਸਡੀਓ ਜਸਕਿਰਨਪ੍ਰੀਤ ਸਿੰਘ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਦੋ ਅਣਪਛਾਤੇ ਵਿਅਕਤੀ ਕੁਝ ਦਿਨਾਂ ਤੋਂ ਲਿੰਕ ਰੋਡ ਮੁੱਲਾਂਪੁਰ ’ਤੇ ਪਲਾਸਟਿਕ ਦੀਆਂ ਬੋਤਲਾਂ ਬਣਾਉਣ ਵਾਲੀ ਫੈਕਟਰੀ ਲਾਉਣ ਸਬੰਧੀ ਐੱਮ ਐੱਸ ਕੈਟਾਗਰੀ ਦਾ ਕੁਨੈਕਸ਼ਨ ਲੈਣ ਲਈ ਉਨ੍ਹਾਂ ਤੇ ਜੇਈ ਪਰਮਿੰਦਰ ਸਿੰਘ ਕੋਲ ਗੇੜੇ ਮਾਰ ਰਹੇ ਸਨ। ਫੇਰ 13 ਅਕਤੂਬਰ ਨੂੰ ਦੁਪਹਿਰੇ ਖੁਦ ਨੂੰ ਰਾਜਵੀਰ ਦੱਸਣ ਵਾਲਾ ਇਕ ਵਿਅਕਤੀ ਆਇਆ ਜਿਸ ਨੂੰ ਨਵੇਂ ਕੁਨੈਕਸ਼ਨ ਬਾਰੇ ਪੁੱਛਣ ’ਤੇ ਸਭ ਕੁਝ ਸਮਝਾ ਦਿੱਤਾ। ਉਸ ਤੋਂ ਫੌਰੀ ਬਾਅਦ ਐਕਸੀਅਨ ਰਵੀ ਕੁਮਾਰ ਚੋਪੜਾ ਦੀ ਕਾਲ ਆਈ ਤੇ ਇਸ ਕਨੈਕਸ਼ਨ ਬਾਰੇ ਪੁੱਛ ਕੇ ਦਫ਼ਤਰ ਆਉਣ ਲਈ ਕਿਹਾ। ਐਕਸੀਅਨ ਦਫ਼ਤਰ ਵਿੱਚ ਮੌਜੂਦ ਨਹੀਂ ਸਨ ਜਦਕਿ ਦੋ ਅਣਪਛਾਤੇ ਵਿਅਕਤੀ ਬੈਠੇ ਸਨ। ਇਨ੍ਹਾਂ ਵਿੱਚੋਂ ਇਕ ਨੇ ਐੱਸ ਡੀ ਓ ਦਾ ਗੁੱਟ ਫੜ ਲਿਆ ਅਤੇ ਕਿਹਾ ਕਿ ਉਹ ਐੱਸ ਟੀ ਐੱਫ ਦਾ ਇੰਸਪੈਕਟਰ ਗਗਨ ਹੈ ਅਤੇ ਇਸ ਰੇਡ ਵਿੱਚ ਐੱਸ ਟੀ ਐੱਫ ਅਤੇ ਵਿਜੀਲੈਂਸ ਵਿਭਾਗ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਐਕਸੀਅਨ ਨੇ ਦੋ ਲੱਖ ਰੁਪਏ ਦੀ ਮੰਗ ਕੀਤੀ ਹੈ ਤੇ ਕਿਹਾ ਹੈ ਇਸ ਵਿੱਚੋਂ ਇਕ ਲੱਖ ਐੱਸਡੀਓ ਨੂੰ ਦੇਣਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਐਕਸੀਅਨ ਖ਼ਿਲਾਫ਼ ਪੁਖਤਾ ਸਬੂਤ ਹਨ। ਐੱਸ ਡੀ ਓ ਨੇ ਜੇਈ ਪਰਮਿੰਦਰ ਸਿੰਘ ਨੂੰ ਫੋਨ ਕਰਕੇ ਐਕਸੀਅਨ ਦਫ਼ਤਰ ਵਿੱਚ ਸੱਦਿਆ। ਰਾਜਵੀਰ, ਗਗਨਦੀਪ ਤੇ ਇਨ੍ਹਾਂ ਦੋ ਹੋਰ ਸਾਥੀਆਂ ਨੇ ਕਮਰੇ ਦੀ ਕੁੰਡੀ ਲਾ ਕੇ ਦੋਹਾਂ ਨੂੰ ਬੰਦੀ ਬਣਾ ਲਿਆ। ਫੇਰ ਪਰਚਾ ਦਰਜ ਕਰਵਾ ਕੇ ਨੌਕਰੀ ਤੋਂ ਮੁਅੱਤਲ ਕਰਾਉਣ ਦੀ ਧਮਕੀ ਦਿੱਤੀ ਜਾਂ ਸੈਟਿੰਗ ਲਈ ਕਿਹਾ। ਉਪਰੰਤ ਦੋਹਾਂ ਨੂੰ ਡਰਾ ਧਮਕਾ ਕੇ ਗੱਡੀ ਵਿੱਚ ਬਿਠਾ ਕੇ ਲੁਧਿਆਣੇ ਲੈ ਗਏ। ਉਥੇ ਇਨ੍ਹਾਂ ਨੇ ਜਾਣਕਾਰਾਂ ਨਾਲ ਸੰਪਰਕ ਕਰਵਾਇਆ ਅਤੇ 7 ਲੱਖ 20 ਹਜ਼ਾਰ ਰੁਪਏ ਦੀ ਜਬਰਨ ਵਸੂਲੀ ਕੀਤੀ। ਉਪਰੰਤ ਇਹ ਚਾਰੇ ਪਾਮ ਕੋਰਟ ਹੋਟਲ ਕੋਲੋਂ ਚੰਡੀਗੜ੍ਹ ਨੰਬਰ ਦੀ ਕਰੋਲਾ ਗੱਡੀ ਵਿੱਚ ਬੈਠ ਕੇ ਫਰਾਰ ਹੋ ਗਏ।