ਝੋਨਾ ਸੁਕਾਉਣ ਲਈ ਨਹੀਂ ਮਿਲ ਰਹੀ ਮੰਡੀ ਵਿੱਚ ਥਾਂ
ਫੜ੍ਹਾਂ ਦੀ ਅਲਾਟਮੈਂਟ ਸਹੀ ਨਾ ਹੋਣ ਦਾ ਦੀ ਗੱਲ ਆਖੀ; ਮਾਰਕੀਟ ਕਮੇਟੀ ਵੱਲੋਂ ਮਸਲਾ ਸੁਲਝਾਉਣ ਦਾ ਦਾਅਵਾ
ਝੋਨੇ ਦੀ ਸਰਕਾਰੀ ਖਰੀਦ ਇਕ ਮਹੀਨਾ ਪਹਿਲਾਂ ਸ਼ੁਰੂ ਕਰਨ ਦੇ ਬਾਵਜੂਦ ਮੰਡੀਆਂ ਵਿੱਚ ਹਾਲੇ ਤੱਕ ਝੋਨੇ ਦੀ ਆਮਦ ਤੇਜ਼ ਨਹੀਂ ਹੋਈ ਹੈ। ਪ੍ਰਮੁੱਖ ਮੁੱਲਾਂਪੁਰ ਮੰਡੀ ਤੋਂ ਇਲਾਵਾ ਪੇਂਡੂ ਖੇਤਰ ਦੀਆਂ ਮੰਡੀਆਂ ਵਿੱਚ ਝੋਨਾ ਆ ਤਾਂ ਰਿਹਾ ਹੈ ਪਰ ਇਹ ਨਿਰਧਾਰਤ ਤੋਂ ਵੱਧ ਨਮੀ ਵਾਲਾ ਹੈ। ਵੱਧ ਨਮੀ ਵਾਲਾ ਝੋਨਾ ਕਈਆਂ ਲਈ ਪ੍ਰੇਸ਼ਾਨੀ ਬਣ ਰਿਹਾ ਹੈ। ਸਰਕਾਰ ਵਲੋਂ ਨਿਰਧਾਰਤ ਸਤਾਰਾਂ ਫ਼ੀਸਦ ਨਮੀ ਨਾਲੋਂ ਝੋਨੇ ਵਿੱਚ ਅਠਾਰਾਂ ਤੋਂ ਵੀਹ ਫ਼ੀਸਦ ਨਮੀ ਆ ਰਹੀ ਹੈ। ਇਸ ਕਰਕੇ ਇਸ ਝੋਨੇ ਦਾ ਭਾਅ ਨਹੀਂ ਲੱਗਦਾ। ਭਾਅ ਨਾ ਲੱਗਣ ਕਰਕੇ ਸਭ ਤੋਂ ਮੁਸ਼ਕਿਲ ਕਿਸਾਨਾਂ ਨੂੰ ਆ ਰਹੀ ਹੈ। ਵੈਸੇ ਇਸ ਸਮੱਸਿਆ ਕਰਕੇ ਆੜ੍ਹਤੀ ਤੇ ਮਜ਼ਦੂਰ ਵੀ ਘੱਟ ਪ੍ਰੇਸ਼ਾਨ ਨਹੀਂ। ਇਹੋ ਕਾਰਨ ਹੈ ਕਿ ਝੋਨਾ ਮੰਡੀਆਂ ਵਿੱਚ ਸੁਕਾਉਣ ਲਈ ਖਿਲਾਰਿਆ ਜਾ ਰਿਹਾ ਹੈ। ਪਿਛਲੇ ਦਿਨੀਂ ਹੋਈ ਬਾਰਸ਼ ਅਤੇ ਮੌਸਮ ਠੰਢਾ ਹੋ ਜਾਣ ਕਰਕੇ ਅਗਲੇ ਦਿਨਾਂ ਵਿੱਚ ਵੀ ਝੋਨਾ ਨਮੀ ਵਾਲਾ ਹੀ ਆਉਣ ਦੀ ਸੰਭਾਵਨਾ ਹੈ। ਸਰਕਾਰੀ ਪੱਧਰ ’ਤੇ ਭਾਵੇਂ ਵਾਰ-ਵਾਰ ਸੁੱਕਾ ਝੋਨਾ ਵੱਢਣ ਤੇ ਮੰਡੀਆਂ ਵਿੱਚ ਲਿਆਉਣ ਦੀ ਅਪੀਲ ਹੋ ਰਹੀ ਹੈ, ਪਰ ਕਿਸਾਨਾਂ ਦਾ ਵੀ ਲੱਗਦਾ ਹੋਰ ਉਡੀਕ ਕਰਨ ਪੱਖੋਂ ਸਬਰ ਜਵਾਬ ਦੇ ਗਿਆ ਹੈ। ਇਸੇ ਲਈ ਇਲਾਕੇ ਅੰਦਰ ਤੇਜ਼ੀ ਨਾਲ ਝੋਨੇ ਦੀ ਕਟਾਈ ਜਾਰੀ ਹੈ। ਅਗਲੇ ਦਿਨਾਂ ਵਿੱਚ ਝੋਨੇ ਦੀ ਵਧੇਰੇ ਨਮੀ ਕਰਕੇ ਮੰਡੀਆਂ ਵਿੱਚ ਥਾਂ ਦੀ ਘਾਟ ਵੀ ਰੜਕ ਸਕਦੀ ਹੈ। ਮੰਡੀਆਂ ਦੇ ਦੌਰੇ ਸਮੇਂ ਦੇਖਣ ਨੂੰ ਮਿਲਿਆ ਕਿ ਮੁੱਲਾਂਪੁਰ ਮੰਡੀ ਤੋਂ ਇਲਾਵਾ ਪੇਂਡੂ ਖਰੀਦ ਕੇਂਦਰਾਂ ਵਿੱਚ ਜ਼ਿਆਦਾ ਨਮੀ ਵਾਲਾ ਝੋਨਾ ਪਿਆ ਸੀ। ਇਸ ਨੂੰ ਸੁਕਾਉਣ ਲਈ ਮੰਡੀਆਂ ਦੇ ਫੜ੍ਹਾਂ ਤੋਂ ਇਲਾਵਾ ਅੰਦਰਲੀ ਸੜਕਾਂ 'ਤੇ ਮਜ਼ਦੂਰ ਲੱਗੇ ਹੋਏ ਸਨ। ਸ਼ਹਿਰੀ ਮੰਡੀ ਅਤੇ ਪੇਂਡੂ ਖਰੀਦ ਕੇਂਦਰਾਂ ਵਿੱਚ ਬੀਤੇ ਕੱਲ੍ਹ ਤੱਲ 15144 ਟਨ ਝੋਨੇ ਦੀ ਖਰੀਦ ਹੋ ਚੁੱਕੀ ਹੈ। ਜੇਕਰ ਗੱਲ ਕਰੀਏ ਫੜ੍ਹਾਂ ਦੀ ਤਾਂ ਕੁਝ ਆੜ੍ਹਤੀ ਅਲਾਟਮੈਂਟ ਸਹੀ ਨਾ ਹੋਣ ਦਾ ਦੋਸ਼ ਲਾ ਰਹੇ ਹਨ।
ਫੜ੍ਹਾਂ ਦੀ ਅਲਾਟਮੈਂਟ ਅਧਿਕਾਰੀਆਂ ਨੇ ਕੀਤੀ: ਮੰਡੀ ਸੁਪਰਵਾਈਜ਼ਰ
ਮਾਰਕੀਟ ਕਮੇਟੀ ਮੁੱਲਾਂਪੁਰ ਦੇ ਮੰਡੀ ਸੁਪਰਵਾਈਜ਼ਰ ਜਸਵੀਰ ਸਿੰਘ ਨੇ ਸੰਪਰਕ ਕਰਨ 'ਤੇ ਕਿਹਾ ਕਿ ਅਲਾਟਮੈਂਟ ਅਧਿਕਾਰੀਆਂ ਨੇ ਕੀਤੀ ਹੈ ਅਤੇ ਫੜ੍ਹਾਂ ਦੀ ਘਾਟ ਹੋਣ ਦੀ ਜਾਣਕਾਰੀ ਉਨ੍ਹਾਂ ਦੇ ਵੀ ਧਿਆਨ ਵਿੱਚ ਆਈ ਸੀ ਜਿਸ ਨੂੰ ਨਾਲੋ ਨਾਲ ਦੂਰ ਕਰ ਦਿੱਤਾ ਗਿਆ। ਨਮੀ ਬਾਰੇ ਉਨ੍ਹਾਂ ਦੱਸਿਆ ਕਿ ਹਾਲੇ ਵਧੇਰੇ ਝੋਨਾ ਨਿਰਧਾਰਤ ਨਮੀ ਤੋਂ ਵੱਧ ਵਾਲਾ ਮੰਡੀਆਂ ਵਿੱਚ ਆ ਰਿਹਾ ਹੈ ਜਿਸ ਕਰਕੇ ਭਾਅ ਲੱਗਣ ਵਿੱਚ ਦਿੱਕਤ ਆਉਂਦੀ ਹੈ। ਉਨ੍ਹਾਂ ਕਿਸਾਨਾਂ ਨੂੰ ਸੁੱਕਾ ਝੋਨਾ ਮੰਡੀਆਂ ਵਿੱਚ ਲਿਆਉਣ ਲਈ ਕਿਹਾ ਤਾਂ ਜੋ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਆਵੇ।