DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਧੁੱਸੀ ਬੰਨ੍ਹ ਨੂੰ ਖੋਰਾ ਲਾਉਣ ਲੱਗਿਆ ਸਤਲੁਜ ਦਾ ਪਾਣੀ

ਪੁਲੀਸ ਪ੍ਰਸ਼ਾਸਨ ਤੇ ਸਿੰਜਾਈ ਵਿਭਾਗ ਦੀ ਨਿਗਰਾਨੀ ਹੇਠ ਬੰਨ੍ਹ ਨੂੰ ਬਚਾਉਣ ਦਾ ਕੰਮ ਜਾਰੀ
  • fb
  • twitter
  • whatsapp
  • whatsapp
featured-img featured-img
ਬੰਨ੍ਹ ਦੀ ਮਜ਼ਬੂਤੀ ਲਈ ਕੰਮ ਕਰਦੇ ਹੋਏ ਮਜ਼ਦੂਰ।
Advertisement

ਐੱਸਐੱਸਪੀ ਖੰਨਾ, ਵਿਧਾਇਕ ਦਿਆਲਪੁਰਾ ਤੇ ਐੱਸਡੀਐੱਮ ਮੌਕੇ ’ਤੇ ਪੁੱਜੇ

ਭਾਰੀ ਮੀਂਹ ਕਾਰਨ ਸਤਲੁਜ ਦਰਿਆ ਵਿੱਚ ਵਧਦਾ ਪਾਣੀ ਦਾ ਪੱਧਰ ਮਾਛੀਵਾੜਾ ਨੇੜਲੇ ਪਿੰਡ ਧੁੱਲੇਵਾਲ ਵਿੱਚ ਧੁੱਸੀ ਬੰਨ੍ਹ ਦੀਆਂ ਠੋਕਰਾਂ ਨੂੰ ਖੋਰਾ ਲਗਾਉਣ ਲੱਗਾ ਹੈ ਜਿਸ ਦੇ ਬਚਾਅ ਲਈ ਪੁਲੀਸ ਪ੍ਰਸ਼ਾਸਨ ਤੇ ਸਿੰਜਾਈ ਵਿਭਾਗ ਦੀ ਨਿਗਰਾਨੀ ਹੇਠ ਬੋਰੀਆਂ ਤੇ ਪੱਥਰ ਲਗਾ ਕੇ ਮੁਰੰਮਤ ਦਾ ਕੰਮ ਜਾਰੀ ਰੱਖਿਆ ਹੋਇਆ ਹੈ। ਸਤਲੁਜ ਦਰਿਆ ਦਾ ਪਿੰਡ ਧੁੱਲੇਵਾਲ ਨੇੜੇ ਧੁੱਸੀ ਬੰਨ੍ਹ ਹਮੇਸ਼ਾ ਨਾਜ਼ੁਕ ਸਥਾਨ ਰਿਹਾ ਹੈ ਅਤੇ ਇੱਥੇ ਜਦੋਂ ਵੀ ਹੜ੍ਹਾਂ ਵਾਲੀ ਸਥਿਤੀ ਆਈ ਹੈ ਤਾਂ ਬੰਨ੍ਹ ਨੂੰ ਖ਼ਤਰਾ ਖੜ੍ਹਾ ਹੋ ਜਾਂਦਾ ਹੈ।

Advertisement

ਅੱਜ ਜਦੋਂ ਪ੍ਰਸ਼ਾਸਨ ਨੂੰ ਪਤਾ ਲੱਗਾ ਕਿ ਦਰਿਆ ਦਾ ਵਧਦਾ ਪਾਣੀ ਧੁੱਸੀ ਬੰਨ੍ਹ ਦੇ ਬਚਾਅ ’ਚ ਲੱਗੀਆਂ ਠੋਕਰਾਂ ਨੂੰ ਢਾਹ ਲਗਾ ਰਿਹਾ ਹੈ ਉੱਥੇ ਕਈ ਕਿਸਾਨਾਂ ਦੀਆਂ ਜਮੀਨਾਂ ਨੂੰ ਖੋਰਾ ਲਗਾ ਰਿਹਾ ਹੈ। ਅੱਜ ਮੌਕੇ ’ਤੇ ਪੁਲੀਸ ਜ਼ਿਲ੍ਹਾ ਖੰਨਾ ਦੇ ਐੱਸ.ਐੱਸ.ਪੀ. ਡਾ. ਜੋਤੀ ਯਾਦਵ, ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਐੱਸ.ਪੀ.ਡੀ. ਪਵਨਜੀਤ, ਐੱਸ.ਡੀ.ਐੱਮ. ਰਜਨੀਸ਼ ਅਰੋੜਾ ਮੌਕੇ ’ਤੇ ਪੁੱਜੇ। ਉਨ੍ਹਾਂ ਕਿਹਾ ਕਿ ਸਿੰਜਾਈ ਵਿਭਾਗ ਵਲੋਂ ਠੋਕਰਾਂ ਦੇ ਬਚਾਅ ਲਈ ਅਤੇ ਲੱਗ ਰਹੀ ਢਾਹ ਨੂੰ ਰੋਕਣ ਲਈ ਪੱਥਰ ਤੇ ਮਿੱਟੀ ਦੀਆਂ ਬੋਰੀਆਂ ਭਰ ਕੇ ਲਗਾਈਆਂ ਜਾ ਰਹੀਆਂ ਹਨ। ਐੱਸ.ਡੀ.ਐੱਮ. ਰਜਨੀਸ਼ ਅਰੋੜਾ ਨੇ ਦੱਸਿਆ ਕਿ ਇਸ ਸਮੇਂ ਸਤਲੁਜ ਦਰਿਆ ਵਿਚ 50 ਹਜ਼ਾਰ ਕਿਉਂਸਿਕ ਪਾਣੀ ਚੱਲ ਰਿਹਾ ਹੈ ਅਤੇ 2019 ਵਿਚ ਹੜ੍ਹ ਆਏ ਸਨ ਤਾਂ ਦਰਿਆ ਵਿਚ ਡੇਢ ਲੱਖ ਕਿਉਂਸਿਕ ਤੋਂ ਉੱਪਰ ਪਾਣੀ ਚੱਲ ਰਿਹਾ ਸੀ ਪਰ ਉਸ ਸਮੇਂ ਵੀ ਕੋਈ ਖ਼ਤਰੇ ਵਾਲੀ ਗੱਲ ਨਹੀਂ ਸੀ। ਉਨ੍ਹਾਂ ਕਿਹਾ ਕਿ ਫਿਲਹਾਲ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਕਾਫ਼ੀ ਹੇਠਾਂ ਚੱਲ ਰਿਹਾ ਹੈ ਪਰ ਫਿਰ ਵੀ ਜਿੱਥੇ ਪਾਣੀ ਧੁੱਸੀ ਬੰਨ੍ਹ ਨੇੜੇ ਢਾਹ ਲਗਾ ਰਿਹਾ ਹੈ ਉੱਥੇ ਸਿੰਜਾਈ ਵਿਭਾਗ ਵਲੋਂ ਮੁਰੰਮਤ ਦੇ ਕਾਰਜ ਜਾਰੀ ਹਨ।

ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਫਿਲਹਾਲ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਕਾਫ਼ੀ ਘੱਟ ਹੈ ਪਰ ਕੁਝ ਲੋਕ ਅਫ਼ਵਾਹਾਂ ਫੈਲਾ ਜਾਂ ਫੋਕੀ ਸਿਆਸੀ ਸ਼ੌਹਰਤ ਲਈ ਕੂੜ ਪ੍ਰਚਾਰ ਕਰ ਲੋਕਾਂ ਵਿਚ ਸਹਿਮ ਵਾਲਾ ਮਾਹੌਲ ਪੈਦਾ ਕਰ ਰਹੇ ਹਨ।

ਪਿੰਡ ਵਿੱਚ ਪੁਲੀਸ ਪ੍ਰਸ਼ਾਸਨ ਨੇ ਕੀਤੇ ਪ੍ਰਬੰਧ

ਸਤਲੁਜ ਦਰਿਆ ਦਾ ਵਧਦਾ ਪਾਣੀ ਜਦੋਂ ਧੁੱਸੀ ਬੰਨ੍ਹ ਨੂੰ ਖੋਰਾ ਲਗਾ ਰਿਹਾ ਸੀ ਤਾਂ ਮੁਰੰਮਤ ਲਈ ਅੱਜ ਪੁਲੀਸ ਪ੍ਰਸ਼ਾਸਨ ਵਲੋਂ ਪੁਖਤਾ ਪ੍ਰਬੰਧ ਕੀਤੇ ਦਿਖਾਈ ਦਿੱਤੇ। ਪਿੰਡ ਵਾਸੀਆਂ ਨੇ ਕਿਹਾ ਕਿ ਪੁਲੀਸ ਪ੍ਰਸ਼ਾਸਨ ਸਾਡੀ ਪੂਰੀ ਮੱਦਦ ਕਰ ਰਿਹਾ ਹੈ ਅਤੇ ਜਿੱਥੇ ਕਿਤੇ ਜਮੀਨ ਨੂੰ ਢਾਹ ਲੱਗ ਰਹੀ ਹੈ ਉੱਥੇ ਸਿੰਜਾਈ ਵਿਭਾਗ ਵਲੋਂ ਮਜ਼ਦੂਰਾਂ ਨੂੰ ਲੈ ਕੇ ਬੋਰੀਆਂ ਤੇ ਪੱਥਰ ਲਗਾਏ ਜਾ ਰਹੇ ਹਨ। ਦੂਸਰੇ ਪਾਸੇ ਇੱਕ ਬਜ਼ੁਰਗ ਵਿਅਕਤੀ ਨੇ ਪੁਲੀਸ ਪ੍ਰਸ਼ਾਸਨ ਨੂੰ ਇਹ ਸਲਾਹ ਵੀ ਦਿੱਤੀ ਕਿ ਜੇਕਰ ਹੜ੍ਹਾਂ ਤੋਂ ਪਹਿਲਾਂ ਧੁੱਸੀ ਬੰਨ੍ਹ ਦੇ ਨਾਜ਼ੁਕ ਸਥਾਨਾਂ ਦੀ ਪਹਿਲਾਂ ਹੀ ਮੁਰੰਮਤ ਕਰ ਲਈ ਜਾਵੇ ਤਾਂ ਲੋਕਾਂ ਦੇ ਜਾਨ, ਮਾਲ ਨੂੰ ਖ਼ਤਰਾ ਘੱਟ ਖੜਾ ਹੋਵੇਗਾ।

Advertisement
×