ਸਿਪਾਹੀ ਵਰਦੀ ਦੀ ਆੜ ’ਚ ਤਸਕਰ ਨਾਲ ਲਿਆਉਂਦਾ ਸੀ ਯੂਪੀ ਤੋਂ ਨਸ਼ਾ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 26 ਸਤੰਬਰ
ਸਥਾਨਕ ਪੁਲੀਸ ਨੇ ਆਪਣੀ ਹੀ ਪੁਲੀਸ ਦੇ ਇੱਕ ਕਾਂਸਟੇਬਲ ਨੂੰ ਨਸ਼ਾ ਤਸਕਰ ਨਾਲ ਮਿਲ ਕੇ ਨਸ਼ਾ ਲਿਆਉਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਗੁਰਪ੍ਰੀਤ ਸਿੰਘ ਉਰਫ ਸ਼ੇਰੂ ਨੂੰ ਐਂਟੀ ਨਾਰਕੋਟਿਕ ਸੈੱਲ ਦੀ ਟੀਮ ਨੇ 12 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਮਾਮਲੇ ਵਿੱਚ ਮੁਲਜ਼ਮ ਦੀ ਪੁਲੀਸ ਦਾ ਕਾਂਸਟੇਬਲ ਹਰਮਨਦੀਪ ਸਿੰਘ ਕਰਦਾ ਸੀ। ਮਾਮਲਾ ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਤੁਰੰਤ ਕਾਂਸਟੇਬਲ ਦਾ ਨਾਂ ਐੱਫਆਈਆਰ ਵਿੱਚ ਸ਼ਾਮਲ ਕਰਨ ਦੇ ਹੁਕਮ ਜਾਰੀ ਕੀਤੇ। ਮਗਰੋਂ ਮੁਲਜ਼ਮ ਕਾਂਸਟੇਬਲ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਅਦਾਲਤ ਨੇ ਉਸ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।
ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਐਂਟੀ ਨਾਰਕੋਟਿਕਸ ਸੈੱਲ ਦੀ ਟੀਮ ਨੇ ਗੁਰਪ੍ਰੀਤ ਸ਼ੇਰੂ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ 450 ਗ੍ਰਾਮ ਅਫ਼ੀਮ ਬਰਾਮਦ ਕੀਤੀ।ਜਾਂਚ ’ਚ ਸਾਹਮਣੇ ਆਇਆ ਕਿ ਮੁਲਜ਼ਮ ਸ਼ੇਰੂ ਦੀ ਕਾਂਸਟੇਬਲ ਹਰਮਨਦੀਪ ਸਿੰਘ ਮਦਦ ਕਰਦਾ ਸੀ। ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਜਦੋਂ ਮੁਲਜ਼ਮ ਸ਼ੇਰੂ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਸ਼ਹਿਰ ’ਚ ਅਫੀਮ ਖਰੀਦਣ ਲਈ ਜਾਂਦਾ ਸੀ ਤਾਂ ਕਾਂਸਟੇਬਲ ਹਰਮਨਦੀਪ ਨੂੰ ਆਪਣੇ ਨਾਲ ਲੈ ਜਾਂਦਾ ਸੀ। ਉਹ ਆਪਣੀ ਵਰਦੀ ਕਾਰ ਵਿੱਚ ਇਸ ਲਈ ਲਟਕਾਉਂਦਾ ਸੀ ਕਿ ਜੇ ਕੋਈ ਉਸ ਨੂੰ ਰਸਤੇ ਵਿੱਚ ਰੋਕਦਾ ਤਾਂ ਉਸ ਨੂੰ ਇਹ ਕਹਿ ਕੇ ਲੰਘ ਜਾਂਦਾ ਕਿ ਉਹ ਪੰਜਾਬ ਪੁਲੀਸ ਦਾ ਮੁਲਾਜ਼ਮ ਹੈ।