ਸਸਰਾਲੀ ਤੇ ਨੇੜਲੇ ਪਿੰਡਾਂ ’ਚ ਵਿਗੜ ਰਹੇ ਨੇ ਹਾਲਾਤ
ਕੁਦਰਤੀ ਆਫ਼ਤ ਪ੍ਰਬੰਧਨ ਮੰਤਰੀ ਆਪਣਾ ਹਲਕਾ ਬਚਾਉਣ ਵਿੱਚ ਫੇਲ੍ਹ: ਬਲੀਏਵਾਲ
ਸਤਲੁਜ ਦੀ ਮਾਰ ਹੇਠ ਆਏ ਪਿੰਡ ਸਸਰਾਲੀ ਤੇ ਦਰਿਆ ਨਾਲ ਲੱਗਦੇ ਪਿੰਡਾਂ ਦੇ ਹਾਲਾਤ ਵਿਗੜਦੇ ਜਾ ਰਹੇ ਹਨ। ਸਤੁਲਜ ਵਿੱਚ ਪਾਣੀ ਦਾ ਵਹਾਅ ਵਧ ਜਾਣ ਕਾਰਨ ਧੁੱਸੀ ਬੰਨ੍ਹ ਵਿੱਚ ਪਏ ਪਾੜ ਕਰਕੇ ਹਲਕਾ ਸਾਹਨੇਵਾਲ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਪਹਿਲਾਂ ਵੀ ਹੜ੍ਹ ਆਉਣ ਕਾਰਨ ਹਲਕੇ ਦੀ 450 ਏਕੜ ਫ਼ਸਲ ਦੇ ਨੁਕਸਾਨ ਹੋਣ ਦੇ ਨਾਲ-ਨਾਲ ਜ਼ਮੀਨ ਵੀ ਦਰਿਆ ਵਿੱਚ ਰੁੜ੍ਹ ਚੁੱਕੀ ਹੈ ਤੇ ਹੁਣ ਵੀ ਹਰ ਰੋਜ਼ ਹੋਰ ਜ਼ਮੀਨ ਲਗਾਤਾਰ ਰੁੜ੍ਹ ਰਹੀ ਹੈ। ਹਲਕਾ ਵਾਸੀਆਂ ਨੇ ਪ੍ਰਸਾਸ਼ਨ ਦੀ ਮਦਦ ਨਾਲ ਬੇਸ਼ੱਕ ਨਵਾਂ ਬੰਨ੍ਹ ਬਣਾਉਣ ਲਈ ਕਈ ਉਪਰਾਲੇ ਕੀਤੇ ਪਰ ਅਜੇ ਵੀ ਹਾਲਾਤ ਬਹੁਤ ਖ਼ਰਾਬ ਹਨ। ਇਲਾਕਾ ਨਿਵਾਸੀਆਂ ਵੱਲੋਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਦੇ ਕੁਦਰਤੀ ਆਫ਼ਤ ਪ੍ਰਬੰਧਨ ਮੰਤਰੀ ਆਪਣਾ ਹਲਕਾ ਬਚਾਉਣ ਵਿੱਚ ਫ਼ੇਲ੍ਹ ਸਾਬਿਤ ਹੋ ਚੁੱਕੇ ਹਨ। ਭਾਜਪਾ ਪੰਜਾਬ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਕਿਹਾ ਹੈ ਕਿ ਹਲਕਾ ਨਿਵਾਸੀਆਂ ਵੱਲੋਂ ਆਪਣੇ ਪੱਧਰ ’ਤੇ ਕੀਤੇ ਜਾ ਰਹੇ ਉਪਰਾਲੇ ਜ਼ਮੀਨਾਂ ਨੂੰ ਬਚਾਉਣ ਵਿੱਚ ਸਹਾਈ ਨਹੀਂ ਹੋ ਰਹੇ ਕਿਉਂਕਿ ਇਹ ਜ਼ਮੀਨਾਂ ਕਈ ਜਗ੍ਹਾ ਤੋਂ ਕਮਜ਼ੋਰ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਵਿਗੜਦੇ ਹਾਲਾਤ ਨੂੰ ਦੇਖਦਿਆਂ ਹਲਕਾ ਵਾਸੀਆਂ ਦੀ ਮੰਗ ਹੈ ਕਿ ਉਨ੍ਹਾਂ ਦੀਆਂ ਜ਼ਮੀਨਾਂ ਨੂੰ ਬਚਾਉਣ ਤੇ ਬੰਨ੍ਹ ਨੂੰ ਚੰਗੀ ਤਰ੍ਹਾਂ ਮਜ਼ਬੂਤ ਕਰਨ ਦਾ ਕੰਮ ਕਿਸੇ ਵਿਸ਼ੇਸ਼ ਟੀਮ ਨੂੰ ਸੌਂਪਿਆ ਜਾਵੇ। ਇਸ ਮੌਕੇ ਸਰਪੰਚ ਕਰਮ ਸਿੰਘ ਸਸਰਾਲੀ, ਜੱਸੀ ਗੌਂਸਗੜ੍ਹ ਸਰਪੰਚ, ਕਰਮ ਚੰਦ ਸਰਪੰਚ ਮਾਂਗਟ, ਸਾਬਕਾ ਸਰਪੰਚ ਕਪੂਰ ਸਿੰਘ, ਗੁਰਮੁੱਖ ਸਿੰਘ ਪ੍ਰਧਾਨ ਸਸਰਾਲੀ ਗੁਰਦੁਆਰਾ, ਸੁਖਵਿੰਦਰ ਸਿੰਘ ਗੌਂਸਗੜ੍ਹ, ਬੁੱਧ ਸਿੰਘ ਰੋੜ ਅਤੇ ਹਲਕਾ ਵਾਸੀ ਵੀ ਹਾਜ਼ਰ ਸਨ।
ਸਸਰਾਲੀ ਕਲੋਨੀ ਵਿੱਚ ਪਾਣੀ ਦੀ ਸਪੀਡ ਹਾਲੇ ਵੀ ਤੇਜ਼
ਲੁਧਿਆਣਾ (ਗਗਨਦੀਪ ਅਰੋੜਾ): ਪੰਜਾਬ ਵਿੱਚ ਮੀਂਹ ਰੁਕ ਗਿਆ ਹੈ, ਪਰ ਸਤਲੁਜ ਦਾ ਕਹਿਰ ਹਾਲੇ ਜਾਰੀ ਹੈ। ਦਰਿਆ ਵਿੱਚ ਪਾਣੀ ਦਾ ਪੱਧਰ ਕਾਫ਼ੀ ਘਟ ਗਿਆ ਹੈ, ਪਰ ਪਾਣੀ ਦੀ ਸਪੀਡ ਪਹਿਲਾਂ ਵਾਂਗ ਹੀ ਹੋਣ ਕਾਰਨ ਸ਼ਹਿਰ ਦੇ ਸਸਰਾਲੀ ਪਿੰਡ ਦੇ ਲੋਕ ਹਾਲੇ ਵੀ ਪ੍ਰੇਸ਼ਾਨ ਹਨ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਸਤਲੁਜ ਦਰਿਆ ਵਿੱਚ ਪਾਣੀ ਦੀ ਸਪੀਡ ਇੰਨੀ ਜ਼ਿਆਦਾ ਹੈ ਕਿ ਰੋਜ਼ਾਨਾ ਕਈ ਏਕੜ ਜ਼ਮੀਨ ਪਾਣੀ ਆਪਣੇ ਨਾਲ ਵਹਾ ਕੇ ਲੈ ਜਾ ਰਿਹਾ ਹੈ। ਪਾਣੀ ਪ੍ਰਸ਼ਾਸਨ ਵੱਲੋਂ ਬਣਾਏ ਗਏ ਅਸਥਾਈ ਬੰਨ੍ਹ ਦੇ ਨੇੜੇ ਪਹੁੰਚ ਗਿਆ ਹੈ। ਪਾਣੀ ਨੇ ਆਪਣਾ ਰਸਤਾ ਬਦਲ ਲਿਆ ਹੈ। ਸਸਰਾਲੀ ਕਲੋਨੀ ਵਿੱਚ ਸਥਿਤੀ ਹਾਲੇ ਵੀ ਪ੍ਰੇਸ਼ਾਨੀ ਵਾਲੀ ਬਣੀ ਹੋਈ ਹੈ। ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਗਿੱਲ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ ਕਈ ਵਾਰ ਬੰਨ੍ਹ ਦਾ ਦੌਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇ ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। ਸਸਰਾਲੀ ਵਿੱਚ ਧਰਨੇ ’ਤੇ ਬੈਠੇ ਵਿਅਕਤੀ ਨੇ ਕਿਹਾ ਕਿ ਪਾਣੀ ਦੀ ਸਪੀਡ ਪਹਿਲਾਂ ਵਾਂਗ ਹੀ ਹੈ, ਉਨ੍ਹਾਂ ਦੀ ਕੋਠੀ ਤੋਂ ਪਾਣੀ ਨੇੜੇ ਆਉਂਦਾ ਜਾ ਰਿਹਾ ਹੈ। ਜੋ ਬੰਨ੍ਹ ਪੰਚਾਇਤ ਨੇ ਬਣਾਇਆ ਸੀ, ਉਹ ਵਹਿ ਗਿਆ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਪਿਛਲੇ ਹਫ਼ਤੇ ਡੀਸੀ ਹਿਮਾਂਸ਼ੂ ਜੈਨ ਨਾਲ ਚਰਚਾ ਕੀਤੀ ਸੀ ਤੇ ਉਨ੍ਹਾਂ ਕੋਲੋਂ ਮੰਗ ਕੀਤੀ ਸੀ ਕਿ ਪਾਣੀ ਨੂੰ ਜਾਲ ਅਤੇ ਪੱਥਰਾਂ ਨਾਲ ਰੋਕਿਆ ਜਾਵੇ।