ਸੜਕਾਂ ਮੇਰੇ ਸ਼ਹਿਰ ਦੀਆਂ: ਡੂੰਘੇ ਤੇ ਚੌੜੇ ਟੋਏ ਹਾਦਸਿਆਂ ਨੂੰ ਦੇ ਰਹੇ ਨੇ ਸੱਦਾ
ਸਮਾਰਟ ਸ਼ਹਿਰਾਂ ਦੀ ਫ਼ਹਿਰਿਸਤ ਵਿੱਚ ਸ਼ਾਮਲ ਸ਼ਹਿਰ ਲੁਧਿਆਣਾ ਸੜਕਾਂ ’ਤੇ ਪਏ ਡੂੰਘੇ ਅਤੇ ਚੌੜੇ ਟੋਏ ਇਸ ਦੀ ਸੁੰਦਰਤਾ ਤੇ ਸਮਾਰਟਨੈੱਸ ਲਈ ਸਵਾਲ ਖੜ੍ਹਾ ਕਰ ਰਹੇ ਹਨ। ਇਹ ਟੋਏ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਸ਼ਹਿਰ ਦੀਆਂ ਲਿੰਕ ਸੜਕਾਂ ਦੇ ਨਾਲ ਨਾਲ ਕਈ ਮੁੱਖ ਸੜਕਾਂ ਦੀ ਹਾਲਤ ਵੀ ਤਰਸਯੋਗ ਬਣੀ ਹੋਈ ਹੈ। ਪ੍ਰਸਾਸ਼ਨ ਤੇ ਇਲਾਕਾ ਵਾਸੀ ਭਾਵੇਂ ਕਈ ਵਾਰ ਮਿੱਟੀ ਪਾ ਕੇ ਆਰਜ਼ੀ ਤੌਰ ’ਤੇ ਇਹ ਟੋਏ ਪੂਰਦੇ ਹਨ ਪਰ ਛੇਤੀ ਹੀ ਸਥਿਤੀ ਮੁੜ ਪਹਿਲਾਂ ਵਾਲੀ ਬਣ ਜਾਂਦੀ ਹੈ।
ਇਸ ਵਾਰ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਪਿਛਲੇ ਸਾਲਾਂ ਦੇ ਮੁਕਾਬਲੇ ਵੱਧ ਮੀਂਹ ਪਿਆ ਹੈ। ਇਸ ਮੀਂਹ ਕਰਕੇ ਪਹਿਲਾਂ ਹੀ ਟਰੈਫਿਕ ਵਰਗੀਆਂ ਮੁਸ਼ਕਲਾਂ ਨਾਲ ਜੂਝ ਰਹੇ ਲੁਧਿਆਣਾ ਨੂੰ ਹੁਣ ਸੜਕਾਂ ’ਤੇ ਪਏ ਡੂੰਘੇ ਅਤੇ ਚੌੜੇ ਟੋਇਆਂ ਨੇ ਵੀ ਆਪਣੀ ਲਪੇਟ ਵਿੱਚ ਲੈ ਲਿਆ ਹੈ। ਸ਼ਹਿਰ ਦੇ ਅੰਦਰ ਵਾਲੀਆਂ ਸੜਕਾਂ ਦੇ ਨਾਲ ਨਾਲ ਕਈ ਮੁੱਖ ਸੜਕਾਂ ’ਤੇ 10 ਤੋਂ 12 ਫੁੱਟ ਚੌੜੇ ਅਤੇ ਕਈ-ਕਈ ਫੁੱਟ ਡੂੰਘੇ ਟੋਏ ਪਏ ਆਮ ਦੇਖੇ ਜਾ ਸਕਦੇ ਹਨ। ਥੋੜ੍ਹਾ ਜਿਹਾ ਮੀਂਹ ਪੈਣ ਤੋਂ ਬਾਅਦ ਇਹ ਟੋਏ ਪਾਣੀ ਨਾਲ ਭਰ ਜਾਂਦੇ ਹਨ ਜਿਸ ਕਰਕੇ ਵਾਹਨ ਚਾਲਕਾਂ ਨੂੰ ਦਿਖਾਈ ਨਹੀਂ ਦਿੰਦੇ। ਅਜਿਹੇ ਟੋਏ ਕਈ ਵਾਰ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਗੱਡੀਆਂ ਦੇ ਟਾਇਰ ਫਟਣ ਤੋਂ ਇਲਾਵਾ ਹੋਰ ਕਈ ਨੁਕਸਾਨ ਹੋ ਰਹੇ ਹਨ।
ਸਮਰਾਲਾ ਚੌਕ ਤੋਂ ਚੰਡੀਗੜ੍ਹ ਨੂੰ ਜਾਂਦੀ ਸੜਕ ’ਤੇ ਤਾਂ ਕਈ-ਕਈ ਫੁੱਟ ਚੌੜੇ ਟੋਏ ਪਏ ਹੋਏ ਹਨ। ਇਨ੍ਹਾਂ ਟੋਇਆਂ ਕਾਰਨ ਹਾਦਸਿਆਂ ਨੂੰ ਰੋਕਣ ਲਈ ਲੋਕਾਂ ਵੱਲੋਂ ਹੀ ਟੋਇਆ ਦੇ ਆਲੇ-ਦੁਆਲੇ ਪੱਥਰ ਰੱਖ ਕੇ ਰੋਕ ਲਗਾਈ ਦੇਖੀ ਜਾ ਸਕਦੀ ਹੈ। ਇਸੇ ਤਰ੍ਹਾਂ ਸਮਰਾਲਾ ਚੌਂਕ ਤੋਂ ਜਲੰਧਰ ਬਾਈਪਾਸ ਵਾਲੇ ਪਾਸੇ ਵੀ ਥਾਂ-ਥਾਂ ਸੜਕ ’ਤੇ ਖੱਡੇ ਪਏ ਦੇਖੇ ਜਾ ਸਕਦੇ ਹਨ। ਟ੍ਰਾਂਸਪੋਰਟ ਨਗਰ ਜਿੱਥੇ ਰੋਜ਼ਾਨਾਂ ਹਜ਼ਾਰਾਂ ਵੱਡੀਆਂ-ਛੋਟੀਆਂ ਗੱਡੀਆਂ ਆਉਂਦੀਆਂ ਹਨ, ਦੀਆਂ ਸੜਕਾਂ ਦਾ ਵੀ ਇਸੇ ਤਰ੍ਹਾਂ ਬੁਰਾ ਹਾਲ ਹੈ। ਇਨ੍ਹਾਂ ਤੋਂ ਇਲਾਵਾ ਕਸ਼ਮੀਰ ਨਗਰ, ਟਿੱਬਾ ਰੋਡ, ਰਾਹੋਂ ਰੋਡ, ਤਿਕੋਣਾ ਪਾਰਕ, ਪੁਲੀਸ ਕਲੋਨੀ ਚੌਕ, ਵਰਧਮਾਨ ਰੋਡ, ਗਊਸ਼ਾਲਾ ਰੋਡ, ਸ਼ਿੰਗਾਰ ਸਿਨੇਮਾ ਦੇ ਨਾਲ ਲੱਗਦੀਆਂ ਸੜਕਾਂ ਵੀ ਮੀਂਹਾਂ ਨਾਲ ਖਰਾਬ ਹੋ ਚੁੱਕੀਆਂ ਹਨ। ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਅਜਿਹੇ ਖੱਡਿਆਂ ਨੂੰ ਪਹਿਲ ਦੇ ਆਧਾਰ ’ਤੇ ਪੂਰਿਆ ਜਾਵੇ।