ਨੰਬਰਦਾਰਾਂ ਨੇ ਇਲਾਕੇ ਦੀਆਂ ਸਮੱਸਿਆਵਾਂ ਵਿਚਾਰੀਆਂ
ਨਿੱਜੀ ਪੱਤਰ ਪ੍ਰੇਰਕ
ਖੰਨਾ, 10 ਜੁਲਾਈ
ਇਥੇ ਤਹਿਸੀਲ ਕੰਪਲੈਕਸ ਵਿੱਚ ਅੱਜ ਪੰਜਾਬ ਨੰਬਰਦਾਰਾ ਐਸੋਸੀਏਸ਼ਨ (ਗਾਲਿਬ) ਦੇ ਮੈਬਰਾਂ ਦੀ ਇੱਕਤਰਤਾ ਸ਼ੇਰ ਸਿੰਘ ਫੈਜਗੜ੍ਹ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਨੰਬਰਦਾਰਾਂ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਯੂਨੀਅਨ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਦਿਨੋਂ ਦਿਨ ਪਿੰਡਾਂ ਸ਼ਹਿਰਾਂ ਵਿਚ ਵਧਦੀ ਜਾ ਰਹੀ ਆਵਾਰਾ ਕੁੱਤਿਆਂ ਦੀ ਗਿਣਤੀ ’ਤੇ ਗੰਭੀਰਤਾ ਨਾਲ ਚਰਚਾ ਕਰਕੇ ਇਸਦਾ ਠੋਸ ਹੱਲ ਕੱਢਿਆ ਜਾਵੇ ਕਿਉਂਕਿ ਇਹ ਕੁੱਤੇ ਆਏ ਦਿਨ ਰਾਹਗੀਰਾਂ ਅਤੇ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ।
ਉਨ੍ਹਾਂ ਪੰਜਾਬ ਸਰਕਾਰ ਵੱਲੋਂ ਚਲਾਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਸ਼ਲਾਘਾ ਕਰਦਿਆਂ ਸਰਕਾਰ ਨੂੰ ਪੂਰਨ ਸਹਿਯੋਗ ਦੇਣ ਦਾ ਫ਼ੈਸਲਾ ਕੀਤਾ। ਸ਼ੇਰ ਸਿੰਘ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਰਜਿਸਟਰੀਆਂ ਸਮੇਂ ਜਿੱਥੇ ਦਾ ਰਕਬਾ ਹੈ ਉੱਥੇ ਦਾ ਹੀ ਨੰਬਰਦਾਰ ਮੋਹਰੀ ਕੀਤਾ ਜਾਵੇ। ਐਸੋਸੀਏਸ਼ਨ ਨੇ ਮੰਗ ਕੀਤੀ ਕਿ ਨੰਬਰਦਾਰਾਂ ਨੂੰ ਤਹਿਸੀਲ ਕੰਪਲੈਕਸ ਵਿਚ ਬੈਠਣ ਲਈ ਪੱਕਾ ਦਫ਼ਤਰ ਬਣਾ ਕੇ ਦਿੱਤਾ ਜਾਵੇ, ਨੰਬਰਦਾਰੀ ਜੱਦੀ-ਪੁਸ਼ਤੀ ਕੀਤੀ ਜਾਵੇ, ਨੰਬਰਦਾਰਾਂ ਦਾ ਮਾਣ ਭੱਤਾ ਵਧਾਇਆ ਜਾਵੇ, ਟੌਲ ਪਲਾਜ਼ਾ ’ਤੇ ਛੋਟ ਦਿੱਤੀ ਜਾਵੇ, ਬੱਸ ਸਹੂਲਤ ਦਿੱਤੀ ਜਾਵੇ ਤੇ ਮੈਡੀਕਲ ਭੱਤਾ ਦਿੱਤਾ ਜਾਵੇ। ਇਸ ਮੌਕੇ ਇੰਦਰਜੀਤ ਸਿੰਘ, ਗੁਰਮੀਤ ਸਿੰਘ ਭੱਟੀ, ਮੁਖਤਿਆਰ ਸਿੰਘ, ਗੁਰਨਾਮ ਚੰਦ, ਹਰਸੇਵਕ ਸਿੰਘ, ਚਰਨ ਸਿੰਘ, ਪਾਲ ਸਿੰਘ, ਪ੍ਰੇਮ ਸਿੰਘ, ਸੁਖਵਿੰਦਰ ਸਿੰਘ, ਨਰੇਸ਼ ਕਾਲੀਆ, ਸਵਰਨ ਸਿੰਘ, ਰਣਜੀਤ ਸਿੰਘ, ਜਗਦੇਵ ਸਿੰਘ, ਸਾਧੂ ਸਿੰਘ ਤੇ ਹੋਰ ਹਾਜ਼ਰ ਸਨ।