ਸਾਹਿਬਜ਼ਾਦਿਆਂ ਦੀ ਸ਼ਹਾਦਤ ਸਭ ਤੋਂ ਵੱਡੀ: ਕਟਾਰੀਆ
ਨੌਜਵਾਨਾਂ ਨੂੰ ਸੇਧ ਲੈਣ ਦੀ ਅਪੀਲ; ਬੀ ਸੀ ਐੱਮ ਸਕੂਲ ਵਿੱਚ ‘ਵੀਰ ਬਾਲ ਦਿਵਸ’ ਮਨਾਇਆ
ਬਾਲ ਭਲਾਈ ਕੌਂਸਲ ਪੰਜਾਬ ਅਤੇ ਜ਼ਿਲ੍ਹਾ ਬਾਲ ਭਲਾਈ ਕੌਂਸਲ ਵੱਲੋਂ ਬੀ ਸੀ ਐੱਮ ਆਰੀਆ ਮਾਡਲ ਸਕੂਲ ਵਿੱਚ ਰਾਜ ਪੱਧਰੀ ‘ਵੀਰ ਬਾਲ ਦਿਵਸ- 2025’ ਮਨਾਇਆ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸ਼ਿਰਕਤ ਕੀਤੀ। ਉਨ੍ਹਾਂ ਨੌਜਵਾਨਾਂ ਨੂੰ ਸਾਹਿਬਜ਼ਾਦਿਆਂ ਦੀ ਕੁਰਬਾਨੀ ਤੋਂ ਸੇਧ ਲੈਣ, ਦੇਸ਼ ਅਤੇ ਪੰਜਾਬ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਰਾਜਪਾਲ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਵਿਸ਼ਵ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਕੁਰਬਾਨੀ ਦੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਇਹ ਹੋਵੇਗੀ ਕਿ ਅੱਜ ਦੀ ਪੀੜ੍ਹੀ ਇਨ੍ਹਾਂ ਕਦਰਾਂ-ਕੀਮਤਾਂ ਨੂੰ ਆਪਣੇ ਜੀਵਨ ਵਿੱਚ ਅਪਣਾਏ। ਰਾਜਪਾਲ ਨੇ ਕਿਹਾ ਕਿ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਨੇ ਆਪਣਾ ਧਰਮ ਛੱਡਣ ਦੀ ਬਜਾਏ ਜ਼ਿੰਦਾ ਕੰਧ ਵਿੱਚ ਚਿਣਨ ਨੂੰ ਚੁਣਿਆ। ਉਨ੍ਹਾਂ ਦੀ ਕੁਰਬਾਨੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਰਾਸ਼ਟਰ, ਧਰਮ ਅਤੇ ਸਮਾਜ ਲਈ ਲੋੜ ਪੈਣ ’ਤੇ ਕੁਰਬਾਨੀ ਦੇਣ ਲਈ ਪ੍ਰੇਰਿਤ ਕਰਦੀ ਰਹੇਗੀ। ਉਨ੍ਹਾਂ ਨੌਵੇਂ ਸਿੱਖ ਗੁਰੂੂ ਤੇਗ ਬਹਾਦਰ ਜੀ ਅਤੇ ਉਨ੍ਹਾਂ ਦੇ ਸਮਰਪਿਤ ਸਿੱਖ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਦੀ ਸ਼ਹਾਦਤ ’ਤੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਵਉੱਚ ਕੁਰਬਾਨੀ ਨੇ ਮਨੁੱਖਤਾ ਨੂੰ ਸੱਚਾਈ, ਨਿਆਂ ਅਤੇ ਧਾਰਮਿਕਤਾ ਦਾ ਸਦੀਵੀ ਸੰਦੇਸ਼ ਦਿੱਤਾ। ਇਸ ਪ੍ਰੋਗਰਾਮ ਦੌਰਾਨ ਰਾਜਪਾਲ ਨੇ ਪੇਂਟਿੰਗ ਮੁਕਾਬਲੇ ਦੇ ਜੇਤੂਆਂ ਅਤੇ ਸਕਿੱਟ, ਸ਼ਬਦ ਗਾਇਨ, ਭਾਸ਼ਣ ਅਤੇ ਪੋਸਟਰ ਮੇਕਿੰਗ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਲੁਧਿਆਣਾ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੀ ਅਧਿਕਾਰਤ ਵੈੱਬਸਾਈਟ ਵੀ ਲਾਂਚ ਕੀਤੀ। ਰਾਜਪਾਲ ਨੇ ਬਾਲ ਭਲਾਈ ਪਰਿਸ਼ਦ ਪੰਜਾਬ, ਜ਼ਿਲ੍ਹਾ ਬਾਲ ਭਲਾਈ ਪਰਿਸ਼ਦ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਇਸ ਸਮਾਗਮ ਨੂੰ ਸ਼ਾਨਦਾਰ ਢੰਗ ਨਾਲ ਕਰਵਾਉਣ ਲਈ ਸ਼ਲਾਘਾ ਕੀਤੀ।
ਬਾਲ ਭਲਾਈ ਪਰਿਸ਼ਦ ਪੰਜਾਬ ਦੀ ਚੇਅਰਪਰਸਨ, ਪ੍ਰਜਕਤਾ ਨੀਲਕੰਠ ਅਵਾਹਦ ਨੇ ਪਰਿਸ਼ਦ ਦੇ ਉਪਰਾਲਿਆਂ ’ਤੇ ਚਾਨਣਾ ਪਾਇਆ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ’ਤੇ ਅਕਾਦਮਿਕ ਦਰਜੇ ਲਈ ਦਬਾਅ ਨਾ ਪਾਉਣ ਅਤੇ ਉਨ੍ਹਾਂ ਦੇ ਬਚਪਨ ਦੀ ਰੱਖਿਆ ਕਰਨ।

