ਗੋਵਿੰਦ ਗੋਧਾਮ ਮੰਦਿਰ ’ਚ ਲੱਗੀਆਂ ‘ਮੈਂਗੋ ਉਤਸਵ’ ਦੀਆਂ ਰੌਣਕਾਂ
ਖੇਤਰੀ ਪ੍ਰਤੀਨਿਧ
ਲੁਧਿਆਣਾ, 29 ਜੂਨ
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੋਵਿੰਦ ਗੋਧਾਮ ਮੰਦਿਰ ਵਿੱਚ ‘ਮੈਂਗੋ ਉਤਸਵ’ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਜਿੱਥੇ ਵੱਖ-ਵੱਖ ਕਿਸਮਾਂ ਦੇ ਸੈਂਕੜੇ ਕਿੱਲੋ ਅੰਬਾਂ ਨਾਲ ਭਗਵਾਨ ਦੀਆਂ ਮੂਰਤੀਆਂ ਅਤੇ ਹੋਰ ਥਾਵਾਂ ’ਤੇ ਸਜਾਵਟ ਕੀਤੀ ਗਈ ਉੱਥੇ ਮੈਂਗੋ ਸ਼ੇਕ ਦਾ ਪ੍ਰਸ਼ਾਦ ਵੀ ਵੰਡਿਆ ਗਿਆ। ਇਸ ਮੌਕੇ ਅੰਬਾਂ ਨਾਲ ਸਜਾਈ ਇੱਕ ਕਿਸ਼ਤੀ ਖਿੱਚ ਦਾ ਕੇਂਦਰ ਬਣੀ ਹੋਈ ਸੀ। ਇਸ ਵਿੱਚ ਭਗਵਾਨ ਦੀ ਛੋਟੀ ਮੂਰਤੀ ਵੀ ਰੱਖੀ ਹੋਈ ਸੀ।
ਇਹ ਉਤਸਵ ਮਨਾਉਣ ਲਈ ਪਿਛਲੇ ਕਈ ਦਿਨਾਂ ਤੋਂ ਮੰਦਿਰ ਵਿੱਚ ਤਿਆਰੀਆਂ ਚੱਲ ਰਹੀਆਂ ਸਨ। ਇਸ ਉਤਸਵ ਨੂੰ ਲੈ ਕੇ ਸ਼ਰਧਾਲੂਆਂ ਵਿੱਚ ਉਤਸ਼ਾਹ ਦੇਖਦਿਆਂ ਹੀ ਬਣਦਾ ਸੀ। ਉਤਸਵ ਭਾਵੇਂ ਅੱਜ ਸਵੇਰ ਤੋਂ ਹੀ ਸ਼ੁਰੂ ਹੋ ਗਿਆ ਸੀ ਪਰ ਰਸਮੀ ਸਮਾਗਮ ਦੁਪਹਿਰ ਬਾਅਦ ਚਾਰ ਵਜੇ ਤੋਂ ਸ਼ੁਰੂ ਹੋਇਆ। ਇਸ ਦੌਰਾਨ ਭਾਰੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਅੰਬਾਂ ਅਤੇ ਫੁੱਲਾਂ ਨਾਲ ਕੀਤੀ ਸਜਾਵਟ ਦਾ ਆਨੰਦ ਮਾਣਿਆ। ਭਗਤੀ ਵਿੱਚ ਰੰਗੇ ਭਗਤਾਂ ਨੇ ਨੱਚ ਕੇ ਇੱਕ ਦੂਜੇ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ। ਇਸੇ ਤਰ੍ਹਾਂ ਪ੍ਰਸਾਦ ਦੇ ਰੂਪ ਵਿੱਚ ਸ਼ਰਧਾਲੂਆਂ ਨੂੰ ਮੈਂਗੋ ਸ਼ੇਕ ਵੰਡਿਆ ਗਿਆ।