ਲੁੱਟ-ਚੋਹ ਦੀ ਸ਼ਿਕਾਇਤ ਕਰਨ ਵਾਲਾ ਮੁਲਾਜ਼ਮ ਹੀ ਨਿਕਲਿਆ ਚੋਰ
ਮਾਈਕਰੋ ਫਾਈਨਾਂਸ ਕੰਪਨੀ ਦੇ ਮੁਲਾਜ਼ਮ ਸਣੇ ਦੋ ਕਾਬੂ; ਨਕਦੀ ਬਰਾਮਦ
ਦਾਖਾ ਪੁਲੀਸ ਨੇ ਮਾਈਕਰੋ ਫਾਈਨਾਂਸ ਕੰਪਨੀ ਵਿੱਚ ਲੁੱਟ ਹੋਣ ਸਬੰਧੀ ਮਿਲੀ ਸ਼ਿਕਾਇਤ ਵਿੱਚ ਉਸੇ ਕੰਪਨੇ ਦੇ ਇਕ ਕਰਮਚਾਰੀ ਨੂੰ ਉਸ ਦੇ ਸਾਥੀ ਸਣੇ ਕਾਬੂ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਾਂਚ ਦੌਰਾਨ ਉਕਤ ਕਰਮਚਾਰੀ ਹੀ ਇਸ ਲੁੱਟ ਦਾ ਮਾਸਟਰ ਮਾਈਂਡ ਸਾਬਤ ਹੋਇਆ। ਮੁਲਜ਼ਮਾਂ ਦੀ ਪਛਾਣ ਜਸਪ੍ਰੀਤ ਸਿੰਘ ਵਾਸੀ ਜਵਾਹਰਕੇ ਜ਼ਿਲ੍ਹਾ ਮਾਨਸਾ ਤੇ ਪਰਵਿੰਦਰ ਸਿੰਘ ਵਾਸੀ ਹਸਨਪੁਰਾ ਥਾਣਾ ਸਦਰ ਬੁਢਲਾਡਾ ਵਜੋਂ ਹੋਈ ਹੈ।
ਡੀਐਸਪੀ ਵਰਿੰਦਰ ਸਿੰਘ ਖੋਸਾ ਨੇ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ ਤਿੰਨ ਦਿਨ ਪਹਿਲਾਂ ਰੇਸ਼ਮ ਸਿੰਘ ਵਾਸੀ ਆਤਲਾ ਕਲਾਂ (ਮਾਨਸਾ) ਮੈਨੇਜਰ ਸਵਤੰਤਰ ਮਾਇਕਰੋ ਫਾਈਨਾਂਸ ਪ੍ਰਾਈਵੇਟ ਲਿਮਟਿਡ ਬਰਾਂਚ ਮੰਡੀ ਅਹਿਮਦਗੜ੍ਹ ਨੇ ਦੱਸਿਆ ਕਿ ਉਨ੍ਹਾਂ ਦਾ ਕਰਮਚਾਰੀ ਜਸਪ੍ਰੀਤ ਸਿੰਘ ਪਿੰਡ ਪਿੰਡ ਜਾ ਕੇ ਕੰਪਨੀ ਦੇ ਰੁਪਏ ਇਕੱਠੇ ਕਰਕੇ ਕੰਪਨੀ ਕੋਲ ਜਮ੍ਹਾਂ ਕਰਵਾਉਣ ਦਾ ਕੰਮ ਕਰਦਾ ਹੈ। ਤਿੰਨ ਦਿਨ ਪਹਿਲਾਂ 8 ਅਕਤੂਬਰ ਨੂੰ ਦੁਪਹਿਰ 12.30 ਵਜੇ ਦੇ ਕਰੀਬ ਉਸ ਨੇ ਫੋਨ ਕਰਕੇ ਮੈਨੇਜਰ ਨੂੰ ਦੱਸਿਆ ਕਿ ਉਹ ਮੋਟਰਸਾਈਕਲ ’ਤੇ ਬੱਦੋਵਾਲ ਤੋਂ ਲਲਤੋਂ ਜਾਂਦੇ ਰਾਹ ’ਤੇ ਜਾ ਰਿਹਾ ਸੀ ਤਾਂ ਚਾਰ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਆ ਕੇ ਉਸ ਨੂੰ ਘੇਰ ਲਿਆ ਤੇ ਪੈਸਿਆਂ ਵਾਲਾ ਬੈਗ ਖੋਹ ਕੇ ਲੈ ਗਏ, ਜਿਸ ’ਚ ਕੰਪਨੀ ਦੇ 90,828 ਰੁਪਏ ਸਨ। ਜਸਪ੍ਰੀਤ ਨੇ ਪੁਲੀਸ ਹੈਲਪਲਾਈਨ ਨੰਬਰ ’ਤੇ ਵੀ ਸੂਚਿਤ ਕੀਤਾ।
ਮੈਨੇਜਰ ਸੂਚਨਾ ਮਿਲਣ ’ਤੇ ਖੁਦ ਮੌਕੇ ’ਤੇ ਗਿਆ ਅਤੇ ਉਸ ਨੂੰ ਆਪਣੇ ਤੌਰ ’ਤੇ ਪੜਤਾਲ ਕਰਨ ਦੌਰਾਨ ਸ਼ੱਕ ਹੋਇਆ। ਥਾਣਾ ਦਾਖਾ ਵਿੱਚ ਇਸ ਸਬੰਧੀ ਕੇਸ ਦਰਜ ਕੀਤਾ ਗਿਆ। ਥਾਣਾ ਮੁਖੀ ਐੱਸਆਈ ਹਮਰਾਜ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਜਸਪ੍ਰੀਤ ਅਤੇ ਪਰਵਿੰਦਰ ਨੂੰ ਕਾਬੂ ਕੀਤਾ ਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 85,200 ਰੁਪਏ ਵੀ ਬਰਾਮਦ ਕੀਤੇ ਗਏ। ਮੁਲਜ਼ਮਾਂ ਦੀ ਪੁੱਛ-ਪੜਤਾਲ ਮਗਰੋਂ ਖੁੱਜਲ ਵਾਸੀ ਹਸਨਪੁਰ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।