ਨਿਗਮ ਖ਼ੁਦ ਦੇ ਰਿਹੈ ਨਾਜਾਇਜ਼ ਕਬਜ਼ਿਆਂ ਦੀ ਮਨਜ਼ੂਰੀ
ਅਧਿਕਾਰੀ ਰੋਜ਼ਾਨਾ 50 ਅਤੇ 1500 ਰੁਪਏ ਮਹੀਨਾ ਦੀ ਪਰਚੀ ਕੱਟ ਕੇ ਦੇ ਰਹੇ ਨੇ ਰੇਹਡ਼ੀ-ਫਡ਼ੀ ਲਾਉਣ ਦੀ ਇਜਾਜ਼ਤ
ਨਗਰ ਨਿਗਮ ਦੀ ਤਹਿਬਾਜ਼ਾਰੀ ਟੀਮ ਸ਼ਹਿਰ ਵਿੱਚ ਨਾਜਾਇਜ਼ ਕਬਜ਼ਿਆਂ ਵਿਰੁੱਧ ਲਗਾਤਾਰ ਕਾਰਵਾਈ ਕਰ ਰਹੀ ਹੈ, ਪਰ ਇਸ ਦੇ ਬਾਵਜੂਦ ਸੜਕਾਂ ’ਤੇ ਨਾਜਾਇਜ਼ ਕਬਜ਼ੇ ਵਧਦੇ ਜਾ ਰਹੇ ਹਨ। ਥਾਂ-ਥਾਂ ਸੜਕਾਂ ’ਤੇ ਰੇਹੜੀਆਂ ਤੇ ਫੜ੍ਹੀਆਂ ਲੱਗੀਆਂ ਹੋਈਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਰੇਹੜੀਆਂ ਖ਼ੁਦ ਸੜਕਾਂ ’ਤੇ ਨਹੀਂ ਲੱਗ ਰਹੀਆਂ ਸਗੋਂ ਨਗਰ ਨਿਗਮ ਦੇ ਅਧਿਕਾਰੀ ਖੁਦ ਰੋਜ਼ਾਨਾ 50 ਰੁਪਏ ਤੇ 1500 ਰੁਪਏ ਮਹੀਨਾ ਦੀ ਪਰਚੀ ਕੱਟ ਕੇ ਸੜਕਾਂ ’ਤੇ ਕਬਜ਼ੇ ਕਰਨ ਦੀ ਮਨਜ਼ੂਰੀ ਦੇ ਰਹੇ ਹਨ। ਜਦੋਂ ਰੇਹੜੀਆਂ ਚੁੱਕਣ ਤੇ ਕਬਜ਼ੇ ਖਾਲੀ ਕਰਵਾਉਣ ਲਈ ਟੀਮ ਜਾਂਦੀ ਹੈ ਤਾਂ ਰੇਹੜੀ ਵਾਲਿਆਂ ’ਤੇ ਕਾਰਵਾਈ ਸੰਭਵ ਨਹੀਂ ਹੁੰਦੀ।
ਸ਼ਹਿਰ ਦੇ ਚੌੜਾ ਬਾਜ਼ਾਰ, ਕਿਤਾਬ ਬਾਜ਼ਾਰ, ਦਾਲ ਬਾਜ਼ਾਰ ਅਤੇ ਜ਼ੋਨ ਏ ਦਫਤਰ ਦੇ ਬਾਹਰ ਰੇਹੜੀ ਫੜੀ ਵਾਲਿਆਂ ਦੇ ਕਬਜ਼ੇ ਹਨ। ਇਨ੍ਹਾਂ ਕਰਕੇ ਟਰੈਫਿਕ ਜਾਮ ਦੀ ਪ੍ਰੇਸ਼ਾਨੀ ਸਾਰਾ ਦਿਨ ਬਣੀ ਰਹਿੰਦੀ ਹੈ। ਨਗਰ ਨਿਗਮ ਦੇ ਜ਼ੋਨ ਏ ਦਫ਼ਤਰ ਦੇ ਬਾਹਰ ਚਾਰੇ ਪਾਸਿਓਂ ਰੇਹੜੀਆਂ ਨੇ ਸੜਕ ’ਤੇ ਕਬਜ਼ੇ ਕੀਤੇ ਹੋਏ ਹਨ। ਜੇਕਰ ਰੇਹੜੀ ਫੜੀ ਵਾਲਿਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਨਗਰ ਨਿਗਮ ਉਨ੍ਹਾਂ ਕੋਲੋਂ ਮਹੀਨੇ ਦੇ ਪੈਸੇ ਲੈਂਦਾ ਹੈ। ਬਿਨਾਂ ਛੱਤ ਵਾਲੀ ਰੇਹੜੀ ਦੇ ਨਗਰ ਨਿਗਮ ਵੱਲੋਂ 1500 ਰੁਪਏ ਮਹੀਨਾ ਤੇ ਛੱਤ ਵਾਲੀ ਰੇਹੜੀ ਦੇ ਨਗਰ ਨਿਗਮ ਵੱਲੋਂ 2500 ਰੁਪਏ ਮਹੀਨੇ ਦੀ ਪਰਚੀ ਕੱਟੀ ਜਾਂਦੀ ਹੈ। ਫੋਲਡਿੰਗ ਟੇਬਲ ਤੇ ਮੰਜੇ ਲਈ 1000 ਰੁਪਏ ਪ੍ਰਤੀ ਮਹੀਨਾ ਲਏ ਜਾਂਦੇ ਹਨ।
ਰੇਹੜੀਆਂ ਹਟਾਉਣ ਲਈ ਆਉਂਦੀ ਹੈ ਮੁਸ਼ਕਲ: ਇੰਸਪੈਕਟਰ
ਤਹਿਬਾਜ਼ਾਰੀ ਵਿੰਗ ਦੇ ਇੰਸਪੈਕਟਰ ਵਿਪਨ ਹਾਂਡਾ ਨੇ ਕਿਹਾ ਕਿ ਰੇਹੜੀਆਂ ਹਟਾਉਣ ਲਈ ਉਨ੍ਹਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਰੇਹੜੀਆਂ ਕਾਫ਼ੀ ਲੰਬੇ ਸਮੇਂ ਤੋਂ ਲੱਗ ਰਹੀਆਂ ਹਨ। ਸਭ ਪਰਚੀਆਂ ਕਟਵਾਉਂਦੇ ਹਨ, ਜਿਸ ਕਰਕੇ ਪ੍ਰੇਸ਼ਾਨੀ ਹੁੰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੜਕਾਂ ’ਤੇ ਰੇਹੜੀ ਫੜੀ ਲਾਉਣ ਦੀ ਪਰਚੀ ਨਹੀਂ ਕੱਟਣੀ ਚਾਹੀਦੀ ਕਿਉਂਕਿ ਇਸ ਨਾਲ ਖਜ਼ਾਨਾ ਭਰਨ ਦੀ ਥਾਂ ਲੋਕਾਂ ਨੂੰ ਪ੍ਰੇਸ਼ਾਨੀ ਹੀ ਹੁੰਦੀ ਹੈ।
ਫੋਟੋਆਂ ਤੇ ਵੀਡੀਓ ਬਣਵਾ ਅਧਿਕਾਰੀ ਕਰਦੇ ਨੇ ਖਾਨਾਪੂਰਤੀ
ਤਹਿਬਾਜ਼ਾਰੀ ਟੀਮ ਦੇ ਮੁਲਾਜ਼ਮ ਰੋਜ਼ਾਨਾ ਕਾਰਵਾਈ ਦੇ ਨਾਮ ’ਤੇ ਸ਼ਹਿਰ ਵਿੱਚ ਨਾਜਾਇਜ਼ ਤੌਰ ’ਤੇ ਸੜਕ ’ਤੇ ਖੜ੍ਹੀਆਂ ਰੇਹੜੀਆਂ ਹਟਾਉਣ ਦੀ ਕਾਰਵਾਈ ਤਾਂ ਕਰਦੇ ਹਨ, ਪਰ ਇਹ ਸਿਰਫ਼ ਫੋਟੋਆਂ ਤੇ ਵੀਡੀਓਜ਼ ਤੱਕ ਸੀਮਤ ਹੋ ਜਾਂਦੀ ਹੈ। ਫੋਟੋਆਂ ਖਿੱਚਵਾ ਕੇ ਅਧਿਕਾਰੀ ਜਿਵੇਂ ਹੀ ਜਾਂਦੇ ਹਨ, ਉਸ ਥਾਂ ’ਤੇ ਦੁਬਾਰਾ ਰੇਹੜੀਆਂ ਲੱਗ ਜਾਂਦੀ ਹੈ।

