ਅਫ਼ਸਰਾਂ ਦੇ ਪਿੰਡ ਵਜੋਂ ਮਸ਼ੂਹਰ ਬਾਹੋਮਾਜਰਾ ਦੇ ਸਕੂਲ ਦੀ ਹਾਲਤ ਖਸਤਾ
ਸਮੇਂ ਦੀਆਂ ਸਰਕਾਰਾਂ ਵੱਲੋਂ ਸਿੱਖਿਆ ਖੇਤਰ ਵਿਚ ਵੱਡੀ ਪੱਧਰ ’ਤੇ ਸੁਧਾਰ ਕਰਨ ਦੇ ਦਾਅਵੇ ਕੀਤੇ ਜਾਂਦੇ ਰਹੇ ਹਨ ਪਰ ਪੰਜਾਬ ਦੇ ਅਨੇਕਾਂ ਸਕੂਲਾਂ ਦੀ ਹਾਲਤ ਖਸਤਾ ਬਣੀ ਹੋਈ ਹੈ। ਪੰਜਾਬ ਲੋਕ ਨਿਰਮਾਣ ਵਿਭਾਗ ਪੰਜਾਬ ਵੱਲੋਂ ਲੰਬੇ ਸਮੇਂ ਤੋਂ ਕੁਝ ਸਕੂਲਾਂ ਦੀਆਂ ਅਣਸੁਰੱਖਿਅਤ ਐਲਾਨਿਆ ਹੋਇਆ ਹੈ ਪਰ ਇਸ ਦੇ ਬਾਵਜੂਦ ਵਿਭਾਗ ਵੱਲੋਂ ਸਕੂਲਾਂ ਦੀ ਹਾਲਤ ਸੁਧਾਰਨ ਵੱਲ ਧਿਆਨ ਨਹੀਂ ਦਿੱਤਾ ਗਿਆ। ਜਿਸ ਕਾਰਨ ਸਕੂਲ ਮੁਖੀ ਅਤੇ ਅਧਿਆਪਕ ਵਿਦਿਆਰਥੀਆਂ ਨੂੰ ਅਣਸੁਰੱਖਿਅਤ ਕਮਰਿਆਂ ਵਿੱਚ ਪੜ੍ਹਾਉਣ ਲਈ ਮਜਬੂਰ ਹਨ।
ਅਜਿਹਾ ਹੀ ਇਕ ਸਕੂਲ ਇਥੋਂ ਦੇ ਨੇੜਲੇ ਪਿੰਡ ਬਾਹੋਮਾਜਰਾ ਦਾ ਸਕੂਲ ਹੈ ਜਿਸ ਦੇ ਕਮਰਿਆਂ ਨੂੰ ਪੰਜਾਬ ਲੋਕ ਨਿਰਮਾਣ ਵਿਭਾਗ ਵੱਲੋਂ ਕਰੀਬ 6 ਮਹੀਨੇ ਪਹਿਲਾਂ ਅਣਸੁਰੱਖਿਤ ਐਲਾਨ ਕੀਤਾ ਸੀ ਪਰ ਹੁਣ ਤੱਕ ਇਸ ਦੀ ਮੁਰੰਮਤ ਨਹੀਂ ਕੀਤੀ ਗਈ। ਪਿੰਡ ਬਾਹੋਮਾਜਰਾ ਇਕ ਅਜਿਹਾ ਪਿੰਡ ਹੈ ਜਿਸ ਨੂੰ ਪੰਜਾਬ ਦੇ ਅਫ਼ਸਰਾਂ ਦੇ ਪਿੰਡ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਪਿੰਡ ਦੇ ਅਨੇਕਾਂ ਪੜ੍ਹੇ ਲਿਖੇ ਬੱਚੇ ਰਾਜਪਾਲ, ਬ੍ਰਿਗੇਡੀਅਰ, ਕਰਨਲ, ਡੀਆਈਜੀ, ਆਈ, ਆਈਏਐਸ, ਆਈਪੀਐਸ, ਪੀਪੀਐਸ ਪੱਧਰ ਤੇ ਅਫ਼ਸਰਾਂ ਤੋਂ ਲੈ ਕੇ ਡਾਕਟਰ, ਇੰਜੀਨੀਅਰ, ਸਿਆਸੀ ਆਗੂ ਤੇ ਚੋਟੀ ਦੇ ਖਿਡਾਰੀ ਵਜੋਂ ਨਾਮਣਾ ਖੱਟ ਚੁੱਕੇ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਇਸ ਸਕੂਲ ਤੋਂ ਪੜ੍ਹਾਈ ਕਰਕੇ ਉਚੇਰੀ ਸਿੱਖਿਆ ਲਈ ਅੱਗੇ ਵਧੇ। ਅਜਿਹੇ ਮਾਣਮੱਤੇ ਪਿੰਡ ਦੇ ਸਕੂਲ ਦੀ ਅਣਸੁਰੱਖਿਅਤ ਇਮਾਰਤ ਵਿਚ ਬੱਚਿਆਂ ਦੀ ਪੜ੍ਹਾਈ ਹੋਣਾ ਸਾਡੇ ਸਿੱਖਿਆ ਤੰਤਰ ’ਤੇ ਵੱਡਾ ਸਵਾਲ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਬਾਹੋਮਾਜਰਾ ਸਾਲ 1952 ਵਿਚ ਸਥਾਪਤ ਹੋਇਆ ਸੀ, ਖੁਦ ਹੀ ਖਸਤਾ ਹਾਲਤ ਵਿਚ ਡਿੱਗ ਪਿਆ ਹੈ। ਕੁੱਲ 6 ਕਮਰਿਆਂ ਵਿਚੋਂ 2 ਨੂੰ ਅਣਸੁਰੱਖਿਅਤ ਐਲਾਨਿਆ ਗਿਆ ਹੈ ਜਿਨ੍ਹਾਂ ਦੀਆਂ ਕੰਧਾਂ ’ਤੇ ਡੂੰਘੀਆਂ ਤਰੇੜਾਂ ਹਨ। ਬਾਕੀ ਚਾਰ ਕਮਰਿਆਂ ਵਿਚੋਂ ਇਕ ਕਮਰਾ ਡਾਕਘਰ ਤੇ ਆਂਗਣਵਾੜੀ ਨੂੰ ਦਿੱਤਾ ਗਿਆ ਹੈ ਜਿੱਥੇ ਦੋਵੇਂ ਸੰਸਥਾਵਾਂ ਕੰਮ ਕਰ ਰਹੀਆਂ ਹਨ। ਇਸ ਸਥਿਤੀ ਵਿਚ ਸਕੂਲੀ ਬੱਚਿਆਂ ਲਈ ਸਿਰਫ਼ ਤਿੰਨ ਕਮਰੇ ਹਨ ਜਦ ਕਿ ਸਕੂਲ ਵਿਚ ਕੁੱਲ 7 ਕਲਾਸਾਂ ਹਨ ਅਤੇ 106 ਦੇ ਕਰੀਬ ਬੱਚੇ ਪੜ੍ਹਦੇ ਹਨ। ਕਮਰਿਆਂ ਦੀ ਘਾਟ ਕਾਰਨ ਇਕ ਕਰਮੇ ਵਿਚ ਦੋ ਕਲਾਸਾਂ ਨੂੰ ਇੱਕਠੇ ਪੜ੍ਹਾਉਣਾ ਪੈ ਰਿਹਾ ਹੈ ਜੋ ਸਿੱਧੇ ਤੌਰ ’ਤੇ ਸਿੱਖਿਆ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਦਾ ਹੈ।
ਵਰਾਂਡੇ ਵਿੱਚ ਬਣਾਇਆ ਪ੍ਰਿੰਸੀਪਲ ਦਾ ਦਫ਼ਤਰ
ਸਕੂਲ ਮੁਖੀ ਇੰਦਰਜੀਤ ਸਿੰਗਲਾ ਨੇ ਕਿਹਾ ਕਿ ਸਰਕਾਰਾਂ ਵੱਲੋਂ ਸਰਕਾਰੀ ਸਕੂਲਾਂ ਨੂੰ ਨਿੱਜੀ ਸਕੂਲਾਂ ਦੇ ਹਾਣ ਦਾ ਬਣਾਉਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਸੱਚਾਈ ਕੁਝ ਹੋਰ ਹੈ। ਉਨ੍ਹਾਂ ਕਿਹਾ ਕਿ ਕਮਰਿਆਂ ਦੀ ਘਾਟ ਕਾਰਨ ਉਨ੍ਹਾਂ ਨੂੰ ਬਰਾਂਡੇ ਵਿਚ ਬੈਠ ਕੇ ਆਪਣਾ ਦਫ਼ਤਰ ਚਲਾਉਣਾ ਪੈਂਦਾ ਹੈ ਅਤੇ ਛੁੱਟੀ ਮਗਰੋਂ ਸਾਰਾ ਸਾਮਾਨ ਕਿਸੇ ਕਮਰੇ ਵਿਚ ਰੱਖਣਾ ਪੈਂਦਾ ਹੈ।