ਤਹਿਸੀਲ ਕੰਪਲੈਕਸ ਵਿੱਚ ਜਨਤਕ ਪਖਾਨਿਆਂ ਦੀ ਹਾਲਤ ਤਰਸਯੋਗ
ਪਖਾਨਿਆਂ ਦੀ ਮੁਰੰਮਤ ਲਈ ਗਰਾਂਟ ਮੰਗੀ ਗਈ ਹੈ, ਜਲਦ ਮੁਰੰਮਤ ਕਰਵਾਈ ਜਾਵੇਗੀ - ਐੱਸ.ਡੀ.ਐੱਮ ਬਰਾੜ
ਕਰੀਬ 11 ਸਾਲ ਪਹਿਲਾਂ ਬਣੇ ਇੱਥੋਂ ਦੇ ਤਹਿਸੀਲ ਕੰਪਲੈਕਸ ਦਫ਼ਤਰ ਵਿੱਚ ਰੋਜ਼ਾਨਾ ਸੈਂਕੜੇ ਲੋਕਾਂ ਦਾ ਸਰਕਾਰੀ ਕੰਮਕਾਜ ਲਈ ਆਉਣ-ਜਾਣ ਹੁੰਦਾ ਹੈ, ਪਰ ਪਿਛਲੇ ਲੰਬੇ ਅਰਸੇ ਤੋਂ ਲੋਕਾਂ ਦੀ ਸਹੂਲਤ ਦੇ ਨਾਂ ਹੇਠ ਬਣੇ ਪਖਾਨਿਆਂ ਦੀ ਹਾਲਤ ਬੇਹੱਦ ਤਰਸਯੋਗ ਬਣੀ ਹੋਈ ਹੈ। ਸਿਵਲ ਪ੍ਰਸ਼ਾਸਨ ਵੱਲੋਂ ਕਰੀਬ ਇਕ ਸਾਲ ਪਹਿਲਾਂ ਪਖਾਨੇ ਦੀ ਦੀਵਾਰ ’ਤੇ ‘ਇਹ ਬਾਥਰੂਮ ਖ਼ਰਾਬ ਹੈ, ਕਿਰਪਾ ਕਰਕੇ ਇਸ ਨੂੰ ਨਾ ਵਰਤਿਆ ਜਾਵੇ’ ਦਾ ਕਾਗ਼ਜ਼ ਲਾਇਆ ਗਿਆ ਸੀ ਪਰ ਅਫ਼ਸੋਸ ਨਾ ਇਹ ਕਾਗਜ਼ ਲੱਥਿਆ ਤੇ ਨਾ ਹੀ ਪਖਾਨੇ ਦੀ ਹਾਲਤ ਸੁਧਰੀ। ਪਖਾਨਿਆਂ ਦੀ ਇਸ ਹਾਲਤ ਕਾਰਨ ਇਥੇ ਆਉਣ ਵਾਲੀਆਂ ਔਰਤਾਂ ਲਈ ਔਖ ਹੋਰ ਵੱਧ ਗਈ ਹੈ।
ਫਰਵਰੀ 2014 ਵਿੱਚ ਤਤਕਾਲੀ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਤਹਿਸੀਲ ਕੰਪਲੈਕਸ ਦੀ ਇਮਾਰਤ ਦਾ ਉਦਘਾਟਨ ਕੀਤਾ ਗਿਆ ਸੀ, ਪਰ ਉਸਾਰੀ ਮਗਰੋਂ ਛੇਤੀ ਹੀ ਮੁੱਖ ਇਮਾਰਤ ਦੇ ਫ਼ਰਸ਼ ਦੀਆਂ ਜ਼ਿਆਦਾਤਰ ਟਾਈਲਾਂ ਟੁੱਟ ਗਈਆਂ, ਛੱਤਾਂ ਦੀ ਹਾਲਤ ਬੇਹੱਦ ਖ਼ਸਤਾ ਹੋ ਚੁੱਕੀ ਹੈ ਤੇ ਲੋਕਾਂ ਲਈ ਬਣੇ ਪਖਾਨੇ ਪਿਛਲੇ ਕਈ ਸਾਲਾਂ ਤੋਂ ਵਰਤੋਂ-ਯੋਗ ਨਹੀਂ ਰਹੇ ਹਨ। ਪ੍ਰਸ਼ਾਸਨ ਵੱਲੋਂ ਪਖਾਨਿਆਂ ਦੀ ਬਾਹਰੀ ਦੀਵਾਰ ਉਪਰ ‘ਇਸ ਨੂੰ ਨਾ ਵਰਤਿਆ ਜਾਵੇ’ ਦਾ ਕਾਗ਼ਜ਼ ਲਾ ਕੇ ਬੁੱਤਾ ਸਾਰਿਆ ਜਾ ਰਿਹਾ ਹੈ।
ਕਾਬਲੇ-ਗ਼ੌਰ ਹੈ ਕਿ ਪਿਛਲੇ ਸਾਲ ਇਮਾਰਤ ਦੀ ਮੁਰੰਮਤ ਲਈ ਸਰਕਾਰ ਵੱਲੋਂ ਮਿਲੀ ਗਰਾਂਟ ਮੌਜੂਦਾ ਅਧਿਕਾਰੀ ਨੇ ਆਪਣੇ ਦਫ਼ਤਰ ਦੀ ਮੁਰੰਮਤ ਤੇ ਸਜਾਵਟ ਲਈ ਵਰਤ ਲਈ ਸੀ ਤੇ ਲੋਕਾਂ ਦੀ ਸਹੂਲਤ ਲਈ ਧੇਲਾ ਨਹੀਂ ਖ਼ਰਚਿਆ ਗਿਆ।
ਮੁਰੰਮਤ ਲਈ ਗਰਾਂਟ ਮੰਗੀ ਗਈ ਹੈ: ਐੱਸ ਡੀ ਐੱਮ
ਐੱਸ.ਡੀ.ਐੱਮ ਰਾਏਕੋਟ ਉਪਿੰਦਰਜੀਤ ਕੌਰ ਬਰਾੜ ਨੇ ਸੰਪਰਕ ਕਰਨ ’ਤੇ ਮੰਨਿਆ ਕਿ ਪਖਾਨਿਆਂ ਦੀ ਹਾਲਤ ਬੇਹੱਦ ਤਰਸਯੋਗ ਹੈ, ਉਨ੍ਹਾਂ ਕਿਹਾ ਕਿ ਮੁਰੰਮਤ ਲਈ ਗਰਾਂਟ ਮੰਗੀ ਗਈ ਹੈ, ਰਕਮ ਜਾਰੀ ਹੁੰਦੇ ਸਾਰ ਪਹਿਲ ਦੇ ਅਧਾਰ ’ਤੇ ਮੁਰੰਮਤ ਕਰਵਾਈ ਜਾਵੇਗੀ।