ਏਸ਼ੀਆ ਦੀ ਸਭ ਵੱਡੀ ਅਨਾਜ ਮੰਡੀ ਵਜੋਂ ਜਾਣੇ ਜਾਂਦੇ ਖੰਨਾ ਸ਼ਹਿਰ ਅਤੇ ਲੋਹਾ ਨਗਰ ਮੰਡੀ ਗੋਬਿੰਦਗੜ੍ਹ ਨੂੰ ਜੋੜਨ ਵਾਲੀ ਭਾਂਦਲਾ ਰੋਡ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਪਿਛਲੀ 11 ਸਤੰਬਰ ਨੂੰ ਇਲਾਕੇ ਦੇ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕਰਕੇ ਪ੍ਰਸ਼ਾਸ਼ਨ ਨੂੰ ਸੜਕ ਦੀ ਦੁਰਦਸ਼ਾ ਤੋਂ ਜਾਣੂੰ ਕਰਵਾਉਂਦਿਆਂ ਪੱਕੇ ਤੌਰ ਤੇ ਧਰਨਾ ਲਾਇਆ ਗਿਆ ਸੀ ਪਰ ਉਸ ਸਮੇਂ ਐੱਸਡੀਐੱਮ ਡਾ. ਬਲਜਿੰਦਰ ਸਿੰਘ ਢਿੱਲੋਂ ਨੇ ਭਰੋਸਾ ਦਿੱਤਾ ਸੀ ਕਿ ਸੜਕ ’ਤੇ ਪਏ ਟੋਏ ਤੁਰੰਤ ਗੱਟੂ ਪਾ ਕੇ ਭਰ ਦਿੱਤੇ ਜਾਣਗੇ ਜਦੋਂ ਕਿ 15 ਦਿਨ ਬੀਤਣ ’ਤੇ ਵੀ ਨਾ ਤਾਂ ਟੋਏ ਭਰੇ ਗਏ ਅਤੇ ਨਾ ਹੀ ਕੋਈ ਮੁਰੰਮਤ ਦਾ ਕੰਮ ਸ਼ੁਰੂ ਹੋਇਆ। ਜ਼ਿਰਕਯੋਗ ਹੈ ਕਿ ਇਸ ਸੜਕ ਦੀ ਮੁਰੰਮਤ ਸਬੰਧੀ ਖੰਨਾ ਪ੍ਰਸ਼ਾਸਨ ਨੇ ਬਜਟ ਦੀ ਘਾਟ ਦਾ ਹਵਾਲਾ ਦਿੰਦਿਆਂ ਆਪਣਾ ਪੱਲ੍ਹਾ ਛੁਡਵਾ ਲਿਆ ਹੈ ਉਪਰੰਤ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਨੂੰ ਉਕਤ ਸੜਕ ਬਣਾਉਣ ਦੀ ਜ਼ੁੰਮੇਵਾਰੀ ਸੌਂਪੀ। ਜਿਨ੍ਹਾਂ ਦੇ ਦਖਲ ਉਪਰੰਤ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਨੇ ਧਾਰਾ 52 ਟੂਐਲ ਤਹਿਤ ਆਪਣੇ ਖਰਚੇ ’ਤੇ ਸੜਕ ਬਣਾਉਣ ਦਾ ਮਤਾ ਪਾਸ ਕਰਵਾ ਦਿੱਤਾ। ਇਸ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਚੇਤਨ ਸ਼ਰਮਾ ਨੇ ਦੱਸਿਆ ਕਿ ਅਸੀਂ ਸੜਕ ਦੇ ਨਿਰਮਾਣ ਲਈ ਟੈਂਡਰ ਜਾਰੀ ਕੀਤਾ ਸੀ ਪਰ ਸਿਰਫ਼ ਇਕ ਠੇਕੇਦਾਰ ਨੇ ਹੀ ਬੋਲੀ ਲਾਈ। ਨਿਯਮਾਂ ਅਨੁਸਾਰ ਟੈਂਡਰ ਨੂੰ ਮੁੜ ਪ੍ਰਕਾਸ਼ਿਤ ਕਰਨਾ ਪਿਆ ਜਿਊਂ ਹੀ ਪ੍ਰੀਕਿਰਿਆ ਪੂਰੀ ਹੁੰਦੀ ਹੈ, ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ। ਇਸ ਮੌਕੇ ਇਲਾਕੇ ਦੇ ਉਦਯੋਗਪਤੀਆਂ ਨੇ ‘ਆਪ’ ਸਰਕਾਰ ਅਤੇ ਨਗਰ ਕੌਂਸਲ ’ਤੇ ਦੋਸ਼ ਲਾਇਆ ਕਿ ਹਰ ਸਾਲ ਉਦਯੋਗਪਤੀਆ ਤੋਂ ਕਰੋੜਾਂ ਰੁਪਏ ਟੈਕਸ ਵਸੂਲਿਆ ਜਾਂਦਾ ਹੈ ਪ੍ਰਤੂੰ ਬੁਨਿਆਦੀ ਸਹੂਲਤਾਂ ਦੇਣ ਵਿਚ ਢਿੱਲ ਮੱਠ ਵਰਤੀ ਜਾ ਰਹੀ ਹੈ ਜੋ ਸਰਾਸਰ ਧੱਕਾ ਹੈ। ਟਰੱਕ ਡਰਾਈਵਰਾਂ ਨੇ ਕਿਹਾ ਕਿ ਜਦੋਂ ਸਾਮਾਨ ਦੀ ਢੋਆ ਢੁਆਈ ਨਹੀਂ ਹੁੰਦੀ ਤਾਂ ਉਤਪਾਦਨ ਕਿਵੇਂ ਜਾਰੀ ਰਹਿ ਸਕਦਾ ਹੈ ਅਤੇ ਟੁੱਟੀਆਂ ਸੜਕਾਂ ਕਾਰਨ ਉਨ੍ਹਾਂ ਦਾ ਕੰਮ ਦਿਨੋਂ ਦਿਨ ਘੱਟ ਰਿਹਾ ਹੈ।
+
Advertisement
Advertisement
Advertisement
Advertisement
×