ਕੇਂਦਰ ਕਿਸਾਨਾਂ ਦਾ ਕਰਜ਼ਾ ਮੁਆਫ਼ ਕੇਰਕੇ 50 ਹਜ਼ਾਰ ਮੁਆਵਜ਼ਾ ਦੇਵੇ: ਬੈਂਸ
ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਪੰਜਾਬ ਦੌਰੇ ਦੌਰਾਨ ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬੀਆਂ ਦੇ ਹਲਾਤ ਨੂੰ ਦੇਖਦੇ ਹੋਏ ਮੌਕੇ ਤੇ ਹੀ ਕਿਸਾਨਾਂ ਅਤੇ ਆਮ ਲੋਕਾਂ ਦੇ ਕਰਜ਼ਿਆਂ ਤੇ ਲੀਕ ਮਾਰਨ ਅਤੇ ਫ਼ਸਲਾਂ ਦੇ ਹੋਏ ਨੁਕਸਾਨ ਦਾ ਪ੍ਰਤੀ ਏਕੜ ਪੰਜਾਹ ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕਰਨ।
ਅੱਜ ਇੱਥੇ ਗੱਲਬਾਤ ਕਰਦਿਆਂ ਬੈਂਸ ਨੇ ਕਿਹਾ ਕਿ ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਜਿੱਥੇ ਕਿਸਾਨਾਂ ਦੀ ਲੱਖਾਂ ਏਕੜ ਫ਼ਸਲ ਤਬਾਹ ਹੋ ਗਈ ਹੈ ਉੱਥੇ ਲੋਕਾਂ ਦੇ ਘਰ ਬਾਰ ਅਤੇ ਪਸ਼ੂ ਡੰਗਰ ਵੀ ਪਾਣੀ ਵਿੱਚ ਰੁੜ ਗਏ ਹਨ। ਉਨ੍ਹਾਂ ਕਿਹਾ ਕਿ ਸੂਬਾ ਅਤੇ ਕੇਦਰ ਸਰਕਾਰ ਹੜ੍ਹਾਂ ਕਾਰਨ ਹੋ ਰਹੇ ਨੁਕਸਾਨ ਨੂੰ ਮੂਕ ਦਰਸ਼ਕ ਬਣਕੇ ਦੇਖ ਰਹੀਆਂ ਹਨ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਫ਼ਗ਼ਾਨਿਸਤਾਨ ਵਿੱਚ ਆਏ ਭੂਚਾਲ ਦੇ ਹੋਏ ਨੁਕਸਾਨ ਲਈ ਤਾਂ ਟਵੀਟ ਕਰਕੇ ਮਦਦ ਦੇਣ ਦਾ ਭਰੋਸਾ ਦਿੰਦੇ ਹਨ ਪਰ ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਹੋ ਰਿਹਾ ਨੁਕਸਾਨ ਪ੍ਰਧਾਨ ਮੰਤਰੀ ਨੂੰ ਨਜ਼ਰ ਨਹੀ ਆ ਰਿਹਾ।
ਉਨ੍ਹਾਂ ਕਿਹਾ ਕਿ ਪੰਜਾਬ ਕੇਂਦਰੀ ਅਨਾਜ ਭੰਡਾਰ ਵਿੱਚ ਆਪਣਾ ਵੱਡਾ ਯੋਗਦਾਨ ਪਾਉਣ ਵਾਲਾ ਸੂਬਾ ਹੈ ਪਰ ਪ੍ਰਧਾਨ ਮੰਤਰੀ ਨੇ ਪੰਜਾਬ ਨੂੰ ਅੱਖੋਂ ਪਰੋਖੇ ਕਰ ਕੇ ਰੱਖਿਆ ਹੋਇਆ ਹੈ। ਸ੍ਰੀ ਬੈਂਸ ਨੇ ਦੱਸਿਆ ਕਿ ਜੇਕਰ ਕੇਂਦਰ ਸਰਕਾਰ ਕਿਸਾਨਾਂ ਅਤੇ ਆਮ ਲੋਕਾਂ ਦੇ ਕਰਜ਼ਿਆਂ ਤੇ ਲੀਕ ਮਾਰ ਦੇਵੇ ਤਾਂ ਬਾਕੀ ਹੜ੍ਹਾਂ ਵਿੱਚ ਢਹਿ ਚੁੱਕੇ ਲੋਕਾਂ ਦੇ ਘਰ ਬਾਰ, ਪਸ਼ੂ ਡੰਗਰ ਅਤੇ ਖੇਤਾਂ ਵਿੱਚ ਹੜ੍ਹਾਂ ਦੇ ਪਾਣੀ ਦੀ ਆਈ ਗੱਬ ਨੂੰ ਪੰਜਾਬ ਦੇ ਲੋਕ, ਐਨਆਰਆਈ ਵੀਰ, ਪੰਜਾਬੀ ਗਾਇਕ, ਬਾਲੀਵੁੱਡ ਕਲਾਕਾਰ, ਸਿਆਸੀ ਪਾਰਟੀਆਂ ਦੇ ਆਗੂ, ਸਮਾਜ ਸੇਵੀ ਜਥੇਬੰਦੀਆਂ ਅਤੇ ਦੇਸ਼ ਦੇ ਕੋਨੇ ਕੋਨੇ ਵਿੱਚੋਂ ਪੰਜਾਬ ਨੂੰ ਮਿਲ ਰਹੇ ਸਹਿਯੋਗ ਨਾਲ ਰਲ ਮਿਲਕੇ ਮੁੜ ਪੈਰਾਂ ਸਿਰ ਕਰ ਲਿਆ ਜਾਵੇਗਾ।