ਭਾਰਤੀ ਜਨਤਾ ਪਾਰਟੀ ਦੇ ਸੱਦੇ ਤਹਿਤ ਅੱਜ ਭਾਜਪਾ ਵਰਕਰਾਂ ਨੇ ਸ਼ਹਿਰ ਦੇ ਛੇ ਵਿਧਾਨ ਸਭਾ ਹਲਕਿਆਂ ਵਿੱਚ ਪੰਜਾਬ ਸਰਕਾਰ ਦਾ ਪੁਤਲੇ ਫੂਕ ਕੇ ਜ਼ੋਰਦਾਰ ਮੁਜ਼ਾਹਰੇ ਕੀਤੇ। ਭਾਜਪਾ ਦਿਹਾਤੀ ਇਕਾਈ ਵੱਲੋਂ ਪੰਜਾਬ ਦੀ ਲੋਕ ਵਿਰੋਧੀ ਆਪ ਸਰਕਾਰ ਖ਼ਿਲਾਫ਼ ਜ਼ਿਲ੍ਹਾ ਪ੍ਰਧਾਨ ਗਗਨਦੀਪ ਸਿੰਘ ਕੈਂਥ ਅਤੇ ਭਾਜਪਾ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਭਾਜਪਾ ਦੇ ਸੀਐਸਸੀ ਕੈਂਪਾਂ ਨੂੰ ਰੋਕਣ ਦੇ ਫ਼ੈਸਲੇ ਖ਼ਿਲਾਫ਼ ਪੁਤਲਾ ਫ਼ੂਕ ਮੁਜ਼ਾਹਰਾ ਕੀਤਾ ਗਿਆ।
ਇਸ ਮੌਕੇ ਸੰਨੀ ਕੈਂਥ ਅਤੇ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਜਨ-ਕਲਿਆਣ ਯੋਜਨਾਵਾਂ ਨੂੰ ਗ਼ਰੀਬ ਤੇ ਲੋੜਵੰਦ ਪਰਿਵਾਰਾਂ, ਕਿਸਾਨਾਂ, ਨੌਜਵਾਨਾਂ, ਔਰਤਾਂ, ਦਲਿਤਾਂ ਅਤੇ ਬੇਰੁਜ਼ਗਾਰਾਂ ਤੱਕ ਪਹੁੰਚਾਉਣ ਲਈ ਲਗਾਏ ਜਾਂਦੇ ਇਨ੍ਹਾਂ ਕੈਂਪਾਂ ਖ਼ਿਲਾਫ਼ ਪੰਜਾਬ ਪੁਲੀਸ ਤੇ ਪ੍ਰਸ਼ਾਸਨ ਦੀ ਕੀਤੀ ਗਈ ਦੁਰਵਰਤੋਂ ਸਪਸ਼ਟ ਸਬੂਤ ਹੈ ਕਿ ਪੰਜਾਬ ਦੀ ‘ਆਪ’ ਸਰਕਾਰ ਲੋਕ ਭਲਾਈ ਨਾਲੋਂ ਵੱਧ ਤਰਜੀਹ ਵਿਰੋਧੀ ਪਾਰਟੀਆਂ ਦੀ ਬਦਨਾਮੀ ਅਤੇ ਉਨ੍ਹਾਂ ਦੇ ਵਰਕਰਾਂ ’ਤੇ ਤਸ਼ੱਦਦ ਢਾਹੁਣ ਨੂੰ ਦਿੰਦੀ ਹੈ।
ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਦੱਖਣੀ ਵਿੱਚ ਪੈਂਦੇ ਗਿਆਸਪੁਰਾ ਚੌਂਕ ਵਿੱਚ ਪੁਤਲਾ ਫੂਕ ਕੇ ਭਗਵੰਤ ਮਾਨ ਸਰਕਾਰ ਖ਼ਿਲਾਫ਼ ਜ਼ੋਰਦਾਰ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਰਜਨੀਸ਼ ਧੀਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ ’ਤੇ ਫੇਲ੍ਹ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਵੱਲੋਂ ਲੋਕਾਂ ਨੂੰ ਕੋਈ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ ਜਦਕਿ ਦੂਜੇ ਪਾਸੇ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਦਾ ਵੀ ਲਾਭ ਲੋਕਾ ਨੂੰ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਇਨ੍ਹਾਂ ਯੋਜਨਾਵਾਂ ਸਬੰਧੀ ਲਗਾਏ ਜਾਣ ਵਾਲੇ ਕੈਂਪਾਂ ਨੂੰ ਰੋਕਣ ਲਈ ਸਰਕਾਰ ਦੇ ਇਸ਼ਾਰੇ ਤੇ ਪੁਲੀਸ ਵੱਲੋਂ ਪ੍ਰਬੰਧਕਾਂ ਨੂੰ ਗ੍ਰਿਫ਼ਤਾਰ ਕਰਕੇ ਹਵਾਲਾਤ ਵਿੱਚ ਡੱਕਿਆ ਗਿਆ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਸਰਕਾਰ ਦੇ ਇਨ੍ਹਾਂ ਘਟੀਆ ਹਥਕੰਡਿਆਂ ਤੋਂ ਡਰਨ ਵਾਲੀ ਨਹੀਂ ਅਤੇ ਸਰਕਾਰ ਦੀ ਹਰ ਲੋਕ ਵਿਰੋਧੀ ਕਾਰਵਾਈ ਦਾ ਡੱਟ ਕੇ ਜਵਾਬ ਦੇਵੇਗੀ।
ਇਸਤੋਂ ਇਲਾਵਾ ਉੱਤਰੀ ਹਲਕੇ ਵੱਲੋਂ ਹੈਬੋਵਾਲ ਚੌਕ, ਪੱਛਮੀ ਹਲਕੇ ਵੱਲੋਂ ਘੁਮਾਰ ਮੰਡੀ ਚੌਕ, ਆਤਮ ਨਗਰ ਹਲਕੇ ਵੱਲੋਂ ਦੁੱਗਰੀ ਚੌਕ, ਪੂਰਬੀ ਹਲਕੇ ਵੱਲੋਂ ਜੋਧੇਵਾਲ ਬਸਤੀ ਚੌਕ ਅਤੇ ਕੇਂਦਰੀ ਹਲਕੇ ਵੱਲੋਂ ਗੁਰਦੇਵ ਸ਼ਰਮਾ ਦੇਬੀ ਦੇ ਮੁੱਖ ਦਫ਼ਤਰ ਬਾਹਰ ਆਪ ਸਰਕਾਰ ਦੇ ਪੁਤਲੇ ਫੂਕੇ ਕੇ ਮੁਜ਼ਾਹਰੇ ਕੀਤੇ ਗਏ। ਡਾ. ਸਤੀਸ਼ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਮੁਜ਼ਾਹਰਿਆਂ ਦੌਰਾਨ ਭਾਜਪਾ ਵਰਕਰਾਂ ਤੋਂ ਇਲਾਵਾ ਮਹਿਲਾ ਮੋਰਚਾ, ਯੁਵਾ ਮੋਰਚਾ, ਐਸਸੀ ਮੋਰਚੇ ਸਮੇਤ ਵੱਖ ਵੱਖ ਵਿੰਗਾਂ ਦੇ ਵਰਕਰਾਂ ਨੇ ਹਿੱਸਾ ਲਿਆ।