ਅਮਰਗੜ੍ਹ ਹਲਕੇ ਦੇ 103 ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ: ਗੱਜਣਮਾਜਰਾ
ਨਿੱਜੀ ਪੱਤਰ ਪ੍ਰੇਰਕ
ਅਹਿਮਦਗੜ੍ਹ/ਕੁੱਪਕਲ੍ਹਾਂ 20 ਅਪਰੈਲ
ਹਲਕਾ ਅਮਰਗੜ੍ਹ ਦੇ ਵਿਧਾਇਕ ਅਤੇ ਡੀਸੀ ਮਾਲੇਰਕੋਟਲਾ ਨੇ ਅੱਜ ਤਿੰਨ ਪਿੰਡਾਂ ਦੇ ਸਰਕਾਰੀ ਸਕੂਲਾਂ ਵਿੱਚ ਕਰੀਬ 1 ਕਰੋੜ 30 ਲੱਖ ਰੁਪਏ ਦੀ ਲਾਗਤ ਨਾਲ ਸਕੂਲਾਂ ਦੇ ਕਮਰਿਆਂ ਦੇ ਨਵੀਨੀਕਰਨ, ਖੇਡਾਂ ਦੇ ਮੈਦਾਨ, ਬਾਥਰੂਮ ਅਤੇ ਸਕੂਲਾਂ ਦੀ ਚਾਰ ਦੀਵਾਰੀ ਦੇ ਕੰਮ ਮੁਕੰਮਲ ਕਰਕੇ ਵਿਦਿਆਰਥੀਆਂ ਦੇ ਸਪੁਰਦ ਕੀਤੇ । ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਅਤੇ ਵਿਰਾਜ ਐਸ ਤਿੜਕੇ ਨੇ ਪਿੰਡ ਭੋਗੀਵਾਲ ਦੇ ਪੀਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੇ ਪ੍ਰਾਇਮਰੀ ਸਕੂਲ, ਪਿੰਡ ਅਕਬਰਪੁਰ ਸਰਕਾਰੀ ਸੀਨੀਅਰ ਸੈਕੈਂਡਰੀ ਤੇ ਪ੍ਰਾਇਮਰੀ ਸਕੂਲ ਅਤੇ ਪਿੰਡ ਫਲੌਡ ਖੁਰਦ ਦੇ ਸਕਰਾਰੀ ਪ੍ਰਾਇਮਰੀ ਸਕੂਲ ਵਿਚ ਜਾ ਕੇ ਜਿੱਥੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ।
ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ’ਚ ਬੁਨਿਆਦੀ ਢਾਂਚੇ ਦੀਆਂ ਕਮੀਆਂ ਦੂਰ ਕਰਕੇ, ਅਧਿਆਪਕਾਂ ਦੀਆਂ ਖਾਲੀ ਪਈਆਂ ਅਸਾਮੀਆਂ ਭਰ ਕੇ ਸਿੱਖਿਆ ਦੇ ਖੇਤਰ ਵਿੱਚ ਪਿਛਲੇ ਤਿੰਨ ਸਾਲਾਂ ਦੌਰਾਨ ਜੋ ਕ੍ਰਾਂਤੀ ਲਿਆਂਦੀ ਹੈ ਉਹ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਅਮਰਗੜ੍ਹ ਹਲਕੇ ਦੇ 103 ਪ੍ਰਾਇਮਰੀ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੀ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਕਰੀਬ 10 ਕਰੋੜ 44 ਲੱਖ ਰੁਪਏ ਦੀ ਲਾਗਤ ਨਾਲ ਨੁਹਾਰ ਬਦਲੀ ਜਾ ਰਹੀ ਹੈ । ਉਨ੍ਹਾਂ ਹੋਰ ਦੱਸਿਆ ਕਿ ਦੇ 58 ਪ੍ਰਾਇਮਰੀ ਸਕੂਲਾਂ ਤੇ 06 ਕਰੋੜ 61 ਲੱਖ ਰੁਪਏ ਅਤੇ 45 ਹਾਈ ਤੇ ਸੀਨੀਅਰ ਸੈਕੰਡਰੀ ਸਕੂਲ ਤੇ 03 ਕਰੋੜ 83 ਲੱਖ ਰੁਪਏ ਖਰਚ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਵਿਰਾਜ ਐਸ.ਤਿੜਕੇ ਨ ਕਿਹਾ ਕਿ ਮਿਹਨਤ, ਸੰਘਰਸ਼ ਅਤੇ ਨਿਸ਼ਠਾ ਨਾਲ ਹਰੇਕ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਅਤੇ ਵਿਦਿਆਰਥੀ ਨਸ਼ਾ ਮੁਕਤ ਸਮਾਜ ਦੀ ਰਚਨਾ ਵਿੱਚ ਇੱਕ ਜਾਗਰੂਕਤਾ ਅਤੇ ਲੋਕ ਲਹਿਰ ਬਣਾ ਕੇ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਇਸ ਮੌਕੇ ਸ਼ੇਰ ਸਿੰਘ, ਸਰਪੰਚ ਹਰਜੀਤ ਸਿੰਘ, ਹਰਕਮਲ ਸਿੰਘ, ਵਰਿੰਦਰ ਸਿੰਘ, ਪੰਚ ਸਰਪ੍ਰੀਤ ਸਿੰਘ, ਹਰਪਾਲ ਸਿੰਘ, ਮਿੰਟੂ ਸਿੰਘ ਸਵਰਨ ਸਿੰਘ, ਡਾ.ਚਰਨਜੀਤ ਸਿੰਘ, ਸਤਨਾਮ ਸਿੰਘ, ਪ੍ਰਿੰਸੀਪਲ ਭੋਗੀਵਾਲ ਨਰੇਸ ਕੁਮਾਰ, ਪ੍ਰਿੰਸੀਪਲ ਪ੍ਰੀਤੀ, ਪ੍ਰਿੰਸੀਪਲ ਕਿਰਨਬਾਲਾ, ਬੀ.ਐਨ.ਓ ਮੁਹੰਮਦ ਇਮਰਾਨ, ਗੁਰਜੰਟ ਸਿੰਘ, ਜਗਦੀਪ ਸਿੰਘ ਤੋਂ ਇਲਾਵਾ ਮੁਹੰਮਦ ਅਸਦ ਤੇ ਪ੍ਰੇਮ ਸਿੰਘ ਮੌਜੂਦ ਸਨ।