DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਚਾਇਤੀ ਚੋਣਾਂ ਲਈ ਪ੍ਰਸ਼ਾਸਨ ਅਤੇ ਪੁਲੀਸ ਵੱਲੋਂ ਪ੍ਰਬੰਧ ਮੁਕੰਮਲ

ਜ਼ਿਲ੍ਹੇ ਵਿੱਚ ਲਗਪਗ 12.37 ਲੱਖ ਤੋਂ ਵੱਧ ਵੋਟਰ ਅੱਜ ਪਾਉਣਗੇ ਵੋਟਾਂ; ਕੁੱਲ 784 ਪਿੰਡਾਂ ਵਿੱਚ ਪੈਣਗੀਆਂ ਵੋਟਾਂ
  • fb
  • twitter
  • whatsapp
  • whatsapp
featured-img featured-img
ਲੁਧਿਆਣਾ ਵਿੱਚ ਸੋਮਵਾਰ ਨੂੰ ਚੋਣ ਸਮੱਗਰੀ ਦੀ ਜਾਂਚ ਕਰਦਾ ਹੋਇਆ ਪੋਲਿੰਗ ਸਟਾਫ਼।
Advertisement

ਗਗਨਦੀਪ ਅਰੋੜਾ

ਲੁਧਿਆਣਾ, 14 ਅਕਤੂਬਰ

Advertisement

ਪੰਚਾਇਤੀ ਚੋਣਾਂ ਲਈ ਜ਼ਿਲ੍ਹਾ ਲੁਧਿਆਣਾ ਦੇ ਪਿੰਡਾਂ ਵਿੱਚ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਇਨ੍ਹਾਂ ਚੋਣਾਂ ਲਈ ਭਲਕੇ ਮੰਗਲਵਾਰ ਨੂੰ ਵੋਟਾਂ ਪੈਣਗੀਆਂ ਜਿਸ ਲਈ ਪ੍ਰਸ਼ਾਸਨ ਤੇ ਪੁਲੀਸ ਨੇ ਪੂਰੇ ਪ੍ਰਬੰਧ ਕਰ ਲਏ ਹਨ। ਪੁਲੀਸ ਨੇ ਸੁਰੱਖਿਆ ਲਈ ਸਖ਼ਤ ਪ੍ਰਬੰਧ ਕੀਤੇ ਹਨ। ਜ਼ਿਲ੍ਹੇ ਦੇ 784 ਪਿੰਡਾਂ ਦੇ 1408 ਪੋਲਿੰਗ ਬੂਥਾਂ ’ਤੇ 1237341 ਵੋਟਰ ਸਰਪੰਚਾਂ ਤੇ ਪੰਚਾਂ ਦੀ ਚੋਣ ਲਈ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡੀਸੀ ਜਤਿੰਦਰ ਜੋਰਵਾਲ ਨੇ ਐੱਸ.ਆਰ.ਐੱਸ ਪੋਲੀਟੈਕਨਿਕ ਕਾਲਜ, ਐੱਸਸੀਡੀ ਸਰਕਾਰੀ ਕਾਲਜ ਵਿੱਚ ਵੱਖ-ਵੱਖ ਕੇਂਦਰਾਂ ਤੋਂ ਪੋਲਿੰਗ ਪਾਰਟੀਆਂ ਦੀ ਰਵਾਨਗੀ ਦਾ ਨਿਰੀਖਣ ਕੀਤਾ। ਜ਼ਿਲ੍ਹਾ ਲੁਧਿਆਣਾ ਵਿੱਚ ਕੁੱਲ 941 ਪਿੰਡਾਂ ਦੀਆਂ ਪੰਚਾਇਤਾਂ ਹਨ, ਜਿਨ੍ਹਾਂ ਵਿੱਚੋਂ 157 ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਹਨ ਅਤੇ ਬਾਕੀ ਰਹਿੰਦੇ 784 ਪਿੰਡਾਂ ਵਿੱਚ ਵੋਟਾਂ ਪੈਣਗੀਆਂ। ਵੋਟਿੰਗ ਲਈ 1408 ਬੂਥ ਬਣਾਏ ਗਏ ਹਨ। ਇਨ੍ਹਾਂ ਕੁੱਲ 12.37 ਲੱਖ ਵੋਟਰਾਂ ਵਿੱਚੋਂ 6.5 ਲੱਖ ਪੁਰਸ਼, 5.8 ਲੱਖ ਔਰਤਾਂ ਅਤੇ 21 ਤੀਜੇ ਲਿੰਗ ਨਾਲ ਸਬੰਧਤ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 38 ਅਤਿ-ਸੰਵੇਦਨਸ਼ੀਲ ਅਤੇ 177 ਸੰਵੇਦਨਸ਼ੀਲ ਪੋਲਿੰਗ ਬੂਥਾਂ ’ਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਅੱਜ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ ਪੋਲਿੰਗ ਖਤਮ ਹੋਣ ਤੋਂ ਬਾਅਦ ਉਸੇ ਦਿਨ ਹੋਵੇਗੀ। ਇਨ੍ਹਾਂ ਚੋਣਾਂ ਨੂੰ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ 7040 ਦੇ ਕਰੀਬ ਸਿਵਲ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਸਮੁੱਚੇ ਚੋਣ ਅਮਲੇ ਨੂੰ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਆ ਗਿਆ ਹੈ ਤਾਂ ਜੋ ਵੋਟਰ ਆਪਣੀ ਵੋਟ ਦਾ ਮਤਦਾਨ ਨਿਰਵਿਘਨ ਅਤੇ ਮੁਸ਼ਕਲ ਰਹਿਤ ਕਰ ਸਕਣ।

ਆਪਣੇ ਪੋਲਿੰਗ ਸਟੇਸ਼ਨਾਂ ਲਈ ਰਵਾਨਾ ਹੁੰਦੇ ਹੋਏ ਚੋਣ ਅਧਿਕਾਰੀ। -ਫੋਟੋਆਂ: ਮਹਾਜਨ

ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ

ਡੀਸੀ ਜਤਿੰਦਰ ਜੋਰਵਾਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਨ੍ਹਾਂ ਚੋਣਾਂ ਨੂੰ ਸ਼ਾਂਤੀਪੂਰਵਕ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਪਾਬੰਦ ਹੈ ਤਾਂ ਜੋ ਲੋਕ ਆਪਣੇ ਵੋਟ ਦੇ ਅਧਿਕਾਰ ਦੀ ਖੁੱਲ੍ਹ ਕੇ ਵਰਤੋਂ ਕਰ ਸਕਣ। ਉਨ੍ਹਾਂ ਇਹ ਵੀ ਦੁਹਰਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਪੰਚਾਇਤੀ ਚੋਣਾਂ ਦੌਰਾਨ ਅਮਨ-ਕਾਨੂੰਨ ’ਤੇ ਸਖ਼ਤ ਨਜ਼ਰ ਰੱਖਣ ਲਈ ਪ੍ਰਭਾਵੀ ਤੰਤਰ ਤਿਆਰ ਕੀਤਾ ਹੈ। ਚੋਣਾਂ ਨੂੰ ਨਿਰਵਿਘਨ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੋਲਿੰਗ ਬੂਥਾਂ ’ਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।

Advertisement
×