ਸੁਪਾਰੀ ਲੈ ਕੇ ਨੌਜਵਾਨ ’ਤੇ ਹਮਲਾ ਕਰਨ ਵਾਲੇ ਦਸ ਕਾਬੂ
ਚਾਰੇ ਸ਼ੂਟਰਾਂ ਸਣੇ 10 ਗ੍ਰਿਫ਼ਤਾਰ; 3 ਪਿਸਤੌਲ, ਕਾਰਤੂਸ ਤੇ ਵਾਰਦਾਤ ਵੇਲੇ ਵਰਤੀ ਗੱਡੀ ਬਰਾਮਦ
ਪਿੰਡ ਚੱਕ ਲੋਹਟ ਵਿੱਚ ਬੀਤੀ 29 ਜੁਲਾਈ ਨੂੰ ਘਰ ’ਚ ਦਾਖਲ ਹੋ ਕੇ ਜਸਪ੍ਰੀਤ ਸਿੰਘ ਨੂੰ ਗੋਲੀਆਂ ਮਾਰ ਕੇ ਜਖ਼ਮੀ ਕਰਨ ਦੇ ਮਾਮਲੇ ਵਿੱਚ ਪੁਲੀਸ ਨੇ ਸ਼ੂਟਰਾਂ ਸਣੇ 10 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋ ਤਿੰਨ ਪਿਸਤੌਲ ਤੇ ਹੋਰ ਅਸਲਾ ਬਰਾਮਦ ਵੀ ਕੀਤਾ ਹੈ।
ਐੱਸਐੱਸਪੀ ਖੰਨਾ ਜੋਤੀ ਯਾਦਵ ਨੇ ਅੱਜ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਜਸਪ੍ਰੀਤ ਸਿੰਘ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਏ ਸਨ ਕਿ 29 ਜੁਲਾਈ ਦੀ ਸਵੇਰੇ ਚਾਰ ਮੋਨੇ ਵਿਅਕਤੀ ਉਸ ਦੇ ਘਰ ’ਚ ਵੜ ਆਏ ਤੇ ਆਉਂਦਿਆਂ ਹੀ ਉਸ ’ਤੇ ਗੋਲੀਆਂ ਵਰ੍ਹਾ ਕੇ ਫਰਾਰ ਹੋ ਗਏ। ਉਸ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਪੁਲੀਸ ਨੇ ਜ਼ਖ਼ਮੀ ਦੇ ਬਿਆਨਾਂ ਦੇ ਆਧਾਰ ’ਤੇ ਜ਼ਮੀਨੀ ਵਿਵਾਦ ਦੇ ਸਬੰਧ ਵਿੱਚ ਜਸਵੰਤ ਸਿੰਘ, ਦੀਵਾਨ ਸਿੰਘ, ਲਖਬੀਰ ਸਿੰਘ (ਤਿੰਨੋ ਭਰਾ) ਵਾਸੀ ਟੱਪਰੀਆਂ ਅਮਰ ਸਿੰਘ (ਰੋਪੜ), ਭੁਪਿੰਦਰ ਸਿੰਘ ਵਾਸੀ ਲੁਬਾਣਗੜ੍ਹ ਤੇ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ।
ਉਨ੍ਹਾਂ ਦੱਸਿਆ ਕਿ ਮਾਮਲੇ ਦੀ ਪੜਤਾਲ ਮਗਰੋਂ ਪੁਲੀਸ ਨੇ ਹਮਲਾ ਕਰਨ ਵਾਲੇ ਸ਼ੂਟਰਾਂ ਤੇ ਉਨ੍ਹਾਂ ਦੀ ਮਦਦ ਕਰਨ ਵਾਲੇ 10 ਮੈਂਬਰਾਂ ਨੂੰ ਕਾਬੂ ਕੀਤਾ ਹੈ। ਪੜਤਾਲ ਦੌਰਾਨ ਸਾਮਹਣੇ ਆਇਆ ਹੈ ਕਿ ਸਰਬਜੀਤ ਸਿੰਘ ਉਰਫ਼ ਸਾਬੀ ਜੋ ਅਮਰੀਕਾ ਰਹਿੰਦਾ ਹੈ ਦੀ ਜਸਪ੍ਰੀਤ ਨਾਲ ਰੰਜਿਸ਼ ਸੀ। ਉਸ ਨੇ ਅਮਰੀਕਾ ਰਹਿੰਦੇ ਗੈਂਗਸਟਰਾਂ ਦੀ ਮਦਦ ਨਾਲ ਜਸਪ੍ਰੀਤ ’ਤੇ ਹਮਲਾ ਕਰਵਾਇਆ, ਜਿਸ ਤਹਿਤ ਤਰਨ ਕਨੋਜੀਆ ਉਰਫ਼ ਕਾਤੀਆ ਵਾਸੀ ਸ਼ਿਮਲਾ ਕਲੋਨੀ ਲੁਧਿਆਣਾ ਤੇ ਵਿੱਕੀ ਉਰਫ ਸਮਨ ਵਾਸੀ ਕੁਲਦੀਪ ਨਗਰ ਲੁਧਿਆਣਾ ਨੂੰ ਇਸ ਕੰਮ ਦੀ ਸੁਪਾਰੀ ਦਿੱਤੀ। ਇਸ ਮਗਰੋਂ ਤਰਨ ਤੇ ਵਿੱਕੀ ਨੇ ਸਲੀਮ ਵਾਸੀ ਰੁੜਕੀ, ਗੌਤਮ ਵਾਸੀ ਮੁੰਡੀ ਖਰੜ ਨਾਲ ਰਾਬਤਾ ਕਾਇਮ ਕੀਤਾ ਤੇ ਜਸਪ੍ਰੀਤ ’ਤੇ ਹਮਲਾ ਕਰ ਦਿੱਤਾ। ਪੁਲੀਸ ਨੂੰ ਸਲੀਮ ਦੀ ਪਤਨੀ ਨਾਜ਼ੀਆ ਦੇ ਕਬਜ਼ੇ ’ਚੋਂ ਦੇਸੀ ਪਿਸਤੌਲ ਤੇ 2 ਕਾਰਤੂਸ, ਸਲੀਮ ਦੇ ਛੋਟੇ ਭਰਾ ਇਰਫਾਨ ਕੋਲੋਂ 4 ਕਾਰਤੂਸ ਬਰਾਮਦ ਹੋਏ ਹਨ। ਸਲੀਮ ਦੇ ਇੱਕ ਹੋਰ ਭਰਾ ਅਨਵਰ ਮੁਹੰਮਦ ਦੀ ਆਲਟੋ ਗੱਡੀ ਵਾਰਦਾਤ ਵੇਲੇ ਵਰਤੀ ਗਈ ਸੀ, ਜੋ ਪੁਲੀਸ ਨੇ ਜ਼ਬਤ ਕਰ ਲਈ ਹੈ। ਇਸ ਤੋਂ ਇਲਾਵਾ ਇੰਦਰਪ੍ਰੀਤ ਸਿੰਘ ਵਾਸੀ ਪਿੰਡ ਲੰਗੜੋਆ ਨਵਾਂ ਸ਼ਹਿਰ, ਹਰਦੀਪ ਸਿੰਘ ਉਰਫ ਦੀਪ ਪਿੰਡ ਮਹਿਤਪੁਰ ਥਾਣਾ ਬਲਾਚੌਰ ਨੇ ਅਸਲਾ ਮੁਹੱਈਆ ਕਰਵਾਇਆ ਤੇ ਸੁਪਾਰੀ ਦੇ ਪੈਸੇ ਪਹੁੰਚਾਏ ਸਨ। ਇਸ ਸਬੰਧੀ ਪੁਲੀਸ ਨੇ ਵਿਦੇਸ਼ ਬੈਠੇ ਸਰਬਜੀਤ ਸਿੰਘ ਸਾਬੀ ਨੂੰ ਵੀ ਨਾਮਜ਼ਦ ਕੀਤਾ ਹੈ।