ਰਾਮਗੜ੍ਹੀਆ ਗਰਲਜ਼ ਕਾਲਜ ਵਿੱਚ ਪੋਸਟਰ ਗਰੈਜੂਏਟ ਪੰਜਬੀ ਵਿਭਾਗ ਅਤੇ ਹੋਮ ਸਾਇੰਸ ਵਿਭਾਗ ਵੱਲੋਂ ‘ਮੇਲਾ ਤੀਆਂ ਦਾ’ ਬੜੀ ਧੂਮ ਧਾਮ ਨਾਲ ਕਰਵਾਇਆ ਗਿਆ। ਇਸ ਮੌਕੇ ਕਰਵਾਏ ਸਮਾਗਮ ਵਿੱਚ ਜੀਐੱਸ ਰੇਡੀਏਟਰਜ਼ ਦੀ ਐੱਮਡੀ ਰਜਿੰਦਰ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਕਾਲਜ ਪ੍ਰਬੰਧਕੀ ਕੌਂਸਲ ਦੇ ਪ੍ਰਧਾਨ ਰਣਜੋਧ ਸਿੰਘ ਨੇ ਸ਼ਿਰਕਤ ਕੀਤੀ। ਕਾਲਜ ਪ੍ਰਿੰਸੀਪਲ ਡਾ. ਅਜੀਤ ਕੌਰ ਨੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ।
ਕਾਲਜ ਦੇ ਵਿਹੜੇ ਵਿੱਚ ਲਾਏ ਤੀਆਂ ਦੇ ਮੇਲੇ ਦੌਰਾਨ ਪੰਜਾਬੀ ਸੱਭਿਆਚਾਰ ਦੇ ਅਮੀਰ ਵਿਰਸੇ ਨੂੰ ਦਰਸਾਉਂਦੀਆਂ ਪੁਰਾਤਨ ਵਸਤੂਆਂ ਅਤੇ ਕਲਾ ਕਿਰਤਾਂ, ਲੋਕ ਗਹਿਣੇ ਤੇ ਲੋਕ ਸਾਜ਼ਾਂ ਦੀ ਪ੍ਰਦਰਸ਼ਨੀ ਵੀ ਲਾਈ ਗਈ। ਇਸ ਮੌਕੇ ਖਾਣ-ਪੀਣ ਦੀਆਂ ਚੀਜਾਂ ਦੇ ਨਾਲ ਨਾਲ ਮਹਿੰਦੀ ਸਜਾਉਣ ਅਤੇ ਚੂੜੀਆਂ ਆਦਿ ਦੇ ਸਟਾਲ ਵੀ ਲਾਏ ਗਏ। ਸਮਾਗਮ ਦੌਰਾਨ ਪ੍ਰਤਿਭਾ ਖੋਜ ਮੁਕਾਬਲੇ ਵੀ ਕਰਵਾਏ ਗਏ। ਕਾਲਜ ਦੀਆਂ ਵਿਦਿਆਰਥਣਾਂ ਨੇ ਡਾਂਸ, ਗੀਤ-ਸੰਗੀਤ, ਗਿੱਧਾ, ਭੰਗੜਾ ਅਤੇ ਸਕਿੱਟ ਆਦਿ ਪੇਸ਼ਕਾਰੀਆਂ ਨਾਲ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਇਸ ਦੌਰਾਨ ਮਿਸ ਤੀਜ ਦਾ ਮੁਕਾਬਲਾ ਖਿੱਚ ਦਾ ਕੇਂਦਰ ਰਿਹਾ।
ਇਸ ਵਿੱਚੋਂ ਦਿਲਵੀਨ ਕੌਰ ਨੂੰ ਤੀਆਂ ਦੀ ਰਾਣੀ ਚੁਣਿਆ ਗਿਆ। ਇਸ ਤੋਂ ਇਲਾਵਾ ਹਰਲੀਨ ਕੌਰ ਨੂੰ ਮਿਸ ਬਿਊਟੀਫੁਲ, ਬੰਦਨਾ ਨੂੰ ਮਿਸ ਐਲੀਗੈਂਟ ਚੁਣਿਆ ਗਿਆ। ਮੁੱਖ ਮਹਿਮਾਨ ਰਜਿੰਦਰ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕੀਤੀ। ਉਨਾਂ ਕਿਹਾ ਕਿ ਸਮੇਂ ਦੇ ਨਾਲ ਨਾਲ ਔਰਤਾਂ ਨੇ ਸਮਾਜ ਦੇ ਹਰ ਖੇਤਰ ਵਿੱਚ ਵਿਕਾਸ ਕੀਤਾ ਹੈ ਅਤੇ ਮੈਨੂੰ ਕਾਲਜ ਦੀਆਂ ਇੰਨਾਂ ਧੀਆਂ 'ਤੇ ਮਾਨ ਹੈ ਕਿ ਉਹ ਆਪਣੀ ਇਸ ਕਲਾ ਨੂੰ ਹੋਰ ਨਿਖਾਰਦੀਆਂ ਹੋਈਆਂ ਸਿਖਰਾਂ ਛੂਹਣਗੀਆਂ। ਕਾਲਜ ਕੌਂਸਲ ਦੇ ਪ੍ਰਧਾਨ ਰਣਜੋਧ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ ਹਿੱਸਾ ਲੈ ਕੇ ਵਿਦਿਆਰਥਣਾਂ ਆਪਣੇ ਪੂਰਨ ਵਿਅਕਤੀਤਵ ਨੂੰ ਨਿਖਾਰਦੀਆਂ ਹਨ। ਸਿੱਖਿਆ ਦੇ ਨਾਲ ਨਾਲ ਹੋਰ ਗਤੀਵਿਧੀਆਂ ਦਾ ਸਾਡੇ ਜੀਵਨ ਵਿੱਚ ਬੜਾ ਮਹੱਤਵਪੂਰਨ ਸਥਾਨ ਹੁੰਦਾ ਹੈ। ਇਸ ਤਰ੍ਹਾਂ ਦੇ ਮੁਕਾਬਲੇ ਵਿਦਿਆਰਥੀਆਂ ਦਾ ਆਤਮਵਿਸ਼ਵਾਸ਼ ਵਧਾਉਂਦੇ ਹਨ। ਕਾਲਜ ਪਿ੍ੰਸੀਪਲ ਡਾ. ਅਜੀਤ ਕੌਰ ਨੇ ਆਸ ਪ੍ਰਗਟਾਈ ਕਿ ਉਨ੍ਹਾਂ ਦੇ ਕਾਲਜ ਦੀਆਂ ਵਿਦਿਆਰਥਣਾਂ ਪੜ੍ਹਾਈ ਦੇ ਨਾਲ ਨਾਲ ਹੋਰ ਖੇਤਰਾਂ ਵਿੱਚ ਵੀ ਅੱਗੇ ਰਹਿਣਗੀਆਂ। ਇਸ ਮੌਕੇ ਪਿ੍ੰਸੀਪਲ ਡਾ. ਅਜੀਤ ਕੌਰ ਨੇ ਸੀਐਸਏ ਇੰਚਾਰਜ ਪ੍ਰੋ. ਤਜਿੰਦਰ ਕਰ, ਪ੍ਰੋ. ਆਰਤੀ ਕਪੂਰ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਵਧੀਆ ਪ੍ਰਬੰਧਾਂ ਲਈ ਵਧਾਈ ਦਿੱਤੀ।