ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਿੱਚ ‘ਤੀਆਂ ਤੀਜ ਦੀਆਂ’ ਸਮਾਗਮ
ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਿੱਚ ਸਾਉਣ ਮਹੀਨੇ ਦਾ ਔਰਤਾਂ ਦਾ ਤਿਉਹਾਰ ‘ਤੀਆਂ ਤੀਜ ਦੀਆਂ’ ਮੌਕੇ ਮੁੱਖ ਮਹਿਮਾਨ ਵਜੋਂ ਕੌਮਾਂਤਰੀ ਪੱਧਰ ਦੀ ਕਾਰੋਬਾਰੀ ਅਮਨਦੀਪ ਕੌਰ ਖੰਘੂੜਾ ਨੇ ਸ਼ਮੂਲੀਅਤ ਕੀਤੀ। ਮੁੱਖ ਮਹਿਮਾਨ ਸ੍ਰੀਮਤੀ ਖੰਘੂੜਾ ਵੱਲੋਂ ਕਾਲਜ ਵਿੱਚ ਪਿੱਪਲ ਦੇ ਦਰੱਖਤ ’ਤੇ ਪਾਈ ਪੀਂਘ ਝੂਟ ਕੇ, ਗਿੱਧਾ ਅਤੇ ਬੋਲੀਆਂ ਪਾ ਕੇ ਸ਼ੁਰੂਆਤ ਕੀਤੀ ਗਈ। ਉਨ੍ਹਾਂ ਵਿਦਿਆਰਥਣਾਂ ਵੱਲੋਂ ਕਾਲਜ ਵਿੱਚ ਵਿਰਾਸਤੀ ਵਸਤੂਆਂ ਦੀ ਲਾਈ ਗਈ ਪ੍ਰਦਰਸ਼ਨੀ ਦਾ ਵੀ ਨਿਰੀਖਣ ਕੀਤਾ। ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਪ੍ਰੀਤ ਸਿੰਘ ਨੇ ਸਮਾਗਮ ਵਿੱਚ ਪਹੁੰਚੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਤੀਆਂ ਦੇ ਤਿਉਹਾਰ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ।
ਮੁੱਖ ਮਹਿਮਾਨ ਅਮਨਦੀਪ ਕੌਰ ਖੰਘੂੜਾ ਨੇ ਵਿਦਿਆਰਥਣਾਂ ਨੂੰ ਆਪਣੇ ਵਿਰਸੇ ਨਾਲ ਜੁੜੇ ਰਹਿਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਆਪਣੇ ਜੀਵਨ ਦੇ ਨਿਸ਼ਾਨੇ ਦੀ ਪ੍ਰਾਪਤੀ ਲਈ ਸਦਾ ਤਤਪਰ ਰਹਿਣ ਦੀ ਨਸੀਹਤ ਦਿੱਤੀ ਅਤੇ ਕਿਹਾ ਕਿ ਹਰ ਬੰਦੇ ਵਿੱਚ ਵਿੱਚ ਕੋਈ ਨਾ ਕੋਈ ਹੁਨਰ ਜ਼ਰੂਰ ਹੁੰਦਾ ਹੈ ਅਤੇ ਮਿਹਨਤ ਹੀ ਹੁਨਰ ਨੂੰ ਲਿਸ਼ਕਾਉਂਦੀ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਸੰਦੀਪ ਸਾਹਨੀ ਨੇ ਕਿਹਾ ਕਿ ਵੰਨ-ਸੁਵੰਨੇ ਤਿਉਹਾਰ ਸਾਡੇ ਸੱਭਿਆਚਾਰ ਅਤੇ ਵਿਰਸੇ ਦਾ ਅਨਿੱਖੜਵਾਂ ਅੰਗ ਹਨ। ਪ੍ਰਭਜੋਤ ਕੌਰ, ਜੈਸਮੀਨ, ਗੁਰ ਸਿਮਰਨ ਕੌਰ ਅਤੇ ਕਰਨਪ੍ਰੀਤ ਕੌਰ ਨੇ ਘੋੜੀਆਂ ਗਾਈਆਂ। ਕੋਮਲ ਅਤੇ ਸੁਖਵਿੰਦਰ ਕੌਰ ਨੇ ਔਰਤਾਂ ਦੇ ਰਵਾਇਤੀ ਗੀਤ ਪੇਸ਼ ਕੀਤੇ।