ਘੁੰਗਰਾਲੀ ਸਿੱਖਾਂ ਸਕੂਲ ’ਚ ਤੀਆਂ ਮੌਕੇ ਲੱਗੀਆਂ ਰੌਣਕਾਂ
ਪਿੰਡ ਘੁੰਗਰਾਲੀ ਸਿੱਖਾਂ ਵਿੱਚ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਸਕੂਲ ਦੇ ਵਿਹੜੇ ਵਿੱਚ ‘ਤੀਆਂ ਤੀਜ ਦੀਆਂ’ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ ’ਤੇ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੀ ਪਤਨੀ ਪਿੰਦਰਜੀਤ ਕੌਰ ਤੋਂ ਇਲਾਵਾ ਪੀ.ਜੀ.ਆਈ.ਚੰਡੀਗੜ੍ਹ ਤੋਂ ਦਿਲ ਦੇ ਰੋਗਾਂ ਦੇ ਮਾਹਿਰ ਡਾ. ਪਰਮਿੰਦਰ ਸਿੰਘ ਓਟਾਲ ਦੀ ਪਤਨੀ ਗੁਰਜੀਤ ਕੌਰ ਓਟਾਲ, ਪਰਮਿੰਦਰ ਕੌਰ ਤੇ ਰਣਬੀਰ ਕੌਰ ਪਹੁੰਚੇ। ਸਮਾਗਮ ਦੀਆਂ ਪ੍ਰਬੰਧਕ ਜਸਮੇਲ ਕੌਰ, ਕੁਲਵਿੰਦਰ ਕੌਰ ਅਤੇ ਮਹਿਲਾ ਪੰਚ ਮਨਪ੍ਰੀਤ ਕੌਰ ਨੇ ਦਸਿਆ ਕਿ ਇਸ ਮੌਕੇ ਪਿੰਡ ਦੀਆਂ ਬੀਬੀਆਂ, ਬੱਚੀਆਂ ਨੇ ਪੀਂਘਾਂ ਝੂਟੀਆਂ ਗਈਆਂ ਅਤੇ ਆਲੋਪ ਹੋ ਚੁੱਕੇ ਚਰਖੇ ਦੀ ਤਾਲ ’ਤੇ ਪੂਣੀਆਂ ਕੱਤੀਆਂ।
ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਪਿੰਦਰਜੀਤ ਕੌਰ, ਗੁਰਜੀਤ ਕੌਰ ਓਟਾਲ ਅਤੇ ਸਕੂਲ ਦੀ ਪ੍ਰਿੰਸੀਪਲ ਰੇਣੂ ਕਲਿਆਣ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਸਾਡੇ ਪੁਰਾਤਨ ਵਿਰਸੇ ਨਾਲ ਜੁੜਿਆ ਹੋਇਆ ਹੈ, ਇਸ ਜਿਥੇ ਛੋਟੀਆਂ ਬੱਚੀਆਂ ਨੂੰ ਅਲੋਪ ਹੋ ਕੇ ਪੁਰਾਤਨ ਸਾਜ ਚਰਖੇ, ਪੀਂਘਾਂ ਬਾਰੇ ਜਾਣਕਾਰੀ ਮਿਲਦੀ ਹੈ, ਉਥੇ ਭਾਈਚਾਰਕ ਸਾਂਝ ਵੀ ਵੱਧਦੀ ਹੈ। ਬੀਬੀ ਪਰਮਿੰਦਰ ਕੌਰ ਤੇ ਰਣਬੀਰ ਕੌਰ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਸਾਵਣ ਦੇ ਮਹੀਨੇ ਨਾਲ ਜੁੜਿਆ ਹੋਇਆ ਹੈ, ਇਸ ਮਹੀਨੇ ਨਵ-ਵਿਆਹੀਆਂ ਔਰਤਾਂ ਆਪਣੇ ਪੇਕੇ ਘਰ ਆ ਕੇ ਇਹ ਤਿਉਹਾਰ ਮਨਾਉਂਦੀਆਂ। ਔਰਤਾਂ ਦੇ ਹੱਕਾਂ ਲਈ ਲੜਨ ਵਾਲੀ ਸਾਬਕਾ ਕੌਂਸਲਰ ਅੰਮ੍ਰਿਤਪੁਰੀ ਨੇ ਦਸਿਆ ਕਿ ਅਜਿਹੇ ਤਿਉਹਾਰ ਮਨਾਉਣ ਨਾਲ ਜਿਥੇ ਬੱਚੀਆਂ ਦਾ ਮੋਬਾਇਲ ਤੋਂ ਰੁਝਾਨ ਟੁੱਟਦਾ ਹੈ, ਉਥੇ ਬੱਚੇ ਦੀ ਕਲਾਕਾਰੀ ਵਿਚ ਦਿੱਖ ਵੀ ਨਿੱਖਰ ਕੇ ਸਾਹਮਣੇ ਆਉਂਦੀ ਹੈ, ਇਸ ਲਈ ਭਾਈਚਾਰਕ ਸਾਂਝ ਵਧਾਉਣ ਲਈ ਅਜਿਹੇ ਤਿਉਹਾਰ ਹਰ ਗਲੀ-ਮਹੱਲੇ ਵਿਚ ਮਨਾਉਣੇ ਚਾਹੀਦੇ ਹਨ। ਸਮਾਗਮ ਵਿਚ ਪ੍ਰਬੰਧਕ ਰਮਨਦੀਪ ਕੌਰ, ਜਸਵੀਰ ਕੌਰ ਰਾਣੀ ਅਤੇ ਹਰਦੀਪ ਕੌਰ ਵਲੋਂ ਆਏ ਮਹਿਮਾਨਾਂ ਨੂੰ ਯਾਦਗਾਰੀ ਤੋਹਫੇ ਦੇ ਕੇ ਸਨਮਾਨਿਤ ਕੀਤਾ ਅਤੇ ਤਿਉਹਾਰ ਨੂੰ ਯਾਦਗਾਰੀ ਬਣਾਉਣ ਲਈ ਉਚੇਚੇ ਤੌਰ ’ਤੇ ਯੋਗਦਾਨ ਪਾਇਆ।