ਇੱਥੇ ਪ੍ਰਾਚੀਨ ਮਹਾਂਦੇਵ ਮੰਦਿਰ ਦੇ ਖੁੱਲ੍ਹੇ ਵਿਹੜੇ ਵਿੱਚ ਕਮਲੇਸ਼ ਕੌਰ ਪਤਨੀ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਦੀ ਅਗਵਾਈ ਹੇਠ 9ਵਾਂ ਮੇਲਾ ‘ਤੀਆ ਤੀਜ ਦੀਆਂ’ ਦਾ ਤਿਉਹਾਰ ਬੀਬੀਆਂ, ਭੈਣਾਂ ਤੇ ਬੱਚੀਆਂ ਵੱਲੋਂ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿੱਚ ਪੂਰੇ ਹਲਕੇ ਦੇ ਪਿੰਡਾਂ ਦੀਆਂ ਔਰਤਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੀ ਕਾਂਗਰਸ ਦੀ ਮਹਿਲਾ ਵਿੰਗ ਦੀ ਪ੍ਰਧਾਨ ਸਤਿੰਦਰਦੀਪ ਕੌਰ ਦੀਪੀ ਮਾਂਗਟ ਨੇ ਕਿਹਾ ਕਿ ਇਹ ਤਿਉਹਾਰ ਵਿਆਹੀਆਂ ਕੁੜੀਆਂ ਨੂੰ ਆਪਣੇ ਪੇਕੇ ਆ ਕੇ ਇੱਕ ਦੂਜੇ ਨੂੰ ਮਿਲਣ ਅਤੇ ਰਲ ਮਿਲ ਕੇ ਪੜ੍ਹਨ, ਖੇਡਣ ਵਾਲੇ ਦਿਨਾਂ ਦੀ ਯਾਦ ਤਾਜ਼ਾ ਕਰਵਾ ਦਿੰਦਾ ਹੈ।
ਇਹ ਤੀਆਂ ਦਾ ਤਿਉਹਾਰ ਭਾਈਚਾਰਕ ਸਾਂਝ ਵਧਾਉਣ ਵਿੱਚ ਵੀ ਸਹਾਈ ਹੁੰਦਾ ਹੈ। ਇਸ ਮੌਕੇ ਸੱਜ ਧੱਜਕੇ ਆਈਆਂ ਔਰਤਾਂ, ਬੀਬੀਆਂ-ਕੁੜੀਆਂ ਤੇ ਬੱਚੀਆਂ ਨੇ ਪੀਘਾਂ ਝੂਟੀਆਂ, ਬੋਲੀਆਂ ਪਾਈਆਂ, ਗਿੱਧਾ ਅਤੇ ਡੀਜੇ ਤੇ ਨੱਚ ਟੱਪ ਕੇ ਤਿਉਹਾਰ ਨੂੰ ਸਿਖਰਾਂ ’ਤੇ ਪਹੁੰਚਾਇਆ। ਇਸ ਮੌਕੇ ਪ੍ਰਬੰਧਕਾਂ ਵੱਲੋਂ ਬੀਬੀਆਂ ਦੇ ਖਾਣ-ਪੀਣ ਦਾ ਪ੍ਰਬੰਧ ਵੀ ਕੀਤਾ ਗਿਆ। ਅੰਤ ਵਿੱਚ ਕਮਲੇਸ਼ ਕੌਰ ਨੇ ਤੀਆਂ ਦੇ ਤਿਉਹਾਰ ਸਮੇਂ ਆਈਆਂ ਬੀਬੀਆਂ ਦਾ ਧੰਨਵਾਦ ਕੀਤਾ।