ਇਥੋਂ ਦੇ ਹਿਮਾਲਿਆ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿੱਚ ਮੈਡਮ ਇੰਦਰਜੀਤ ਕੌਰ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਟੇਜ ਨੂੰ ਵਿਰਾਸਤੀ ਚੀਜ਼ਾਂ ਜਿਵੇਂ ਕਿ ਚਰਖਾ, ਛੱਜ, ਘੜਾ, ਪੱਖੀਆਂ ਆਦਿ ਨਾਲ ਬੜੇ ਸੁੰਦਰ ਤਰੀਕੇ ਨਾਲ ਸਜਾਏ ਗਏ। ਵਿਦਿਆਰਥਣਾਂ ਨੇ ਪੁਰਾਤਨ ਪੰਜਾਬੀ ਪਹਿਰਾਵੇ ਵਿਚ ਅਜੌਕੀ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਨ ਲਈ ਵੱਖ ਵੱਖ ਵੰਨਗੀਆਂ ਪੇਸ਼ ਕੀਤੀਆਂ। ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਲੋਕ ਗੀਤ, ਲੋਕ ਨਾਚ, ਸੁਹਾਗ, ਘੋੜੀਆਂ, ਗਿੱਧਾ, ਬੋਲੀਆਂ ਤੋਂ ਇਲਾਵਾ ਪੀਘਾਂ ਝੂਟ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਡਾਇਰੈਕਟਰ ਮੈਡਮ ਬੀਕੇ ਸੈਣੀ ਨੇ ਵਿਦਿਆਰਥਣਾਂ ਨੂੰ ਤੀਆਂ ਦੇ ਤਿਉਹਾਰ ਦੀ ਮਹੱਤਤਾ ਤੋਂ ਜਾਣੂੰ ਕਰਵਾਉਂਦਿਆ ਦੱਸਿਆ ਕਿ ਇਹ ਤਿਉਹਾਰ ਪੁਰਾਤਨ ਸਮੇਂ ਦੀਆਂ ਯਾਦਾਂ ਨੂੰ ਤਾਜ਼ਾ ਕਰਦਾ ਹੈ।
ਸਾਊਣ ਮਹੀਨੇ ਵਿਚ ਕੁਆਰੀਆਂ ਅਤੇ ਵਿਆਹੀਆਂ ਕੁੜੀਆਂ ਆਪਣੇ ਪੇਕੇ ਘਰ ਵਿਚ ਇੱਕਠੀਆਂ ਹੋ ਕੇ ਗਿੱਧਾ ਪਾਉਂਦੀਆਂ ਅਤੇ ਆਪਣੇ ਪਰਿਵਾਰਾਂ ਦੇ ਦੁੱਖ ਸੁੱਖ ਸਾਂਝੇ ਕਰਦੀਆਂ ਹਨ। ਸਮਾਗਮ ਦੌਰਾਨ ਮਹਿੰਦੀ, ਪੰਜਾਬੀ ਪਹਿਰਾਵਾ, ਮਾਡਲਿੰਗ ਆਦਿ ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਅਜਿਹੀਆ ਗਤੀਵਿਧੀਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮੈਡਮ ਉਰਮਿਲਾ ਸ਼ਰਮਾ, ਰਛਪਾਲ ਗਿੱਲ, ਚਰਨਜੀਤ ਕੌਰ, ਅਰਸ਼ਦੀਪ ਕੌਰ ਨੇ ਵਾਤਾਵਰਣ ਸ਼ੁੱਧਤਾ ਲਈ ਸਕੂਲ ਦੇ ਆਲੇ ਦੁਆਲੇ ਛਾਂਦਾਰ ਅਤੇ ਫਲਦਾਰ ਬੂਟੇ ਲਾਉਂਦਿਆਂ ਵਿਦਿਆਰਥੀਆਂ ਨੂੰ ਇਨ੍ਹਾਂ ਦੀ ਸਾਂਭ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ।