ਇਥੇ ਬਾਬਾ ਹਸਤ ਲਾਲ ਮਾਡਲ ਸਕੂਲ ਵਿੱਚ ਅਧਿਆਪਕਾਂ ਤੇ ਵਿਦਿਆਰਥਣਾਂ ਨੇ ਤੀਆਂ ਦਾ ਤਿਉਹਾਰ ਮਨਾਇਆ। ਇਸ ਮੌਕੇ ਪ੍ਰਧਾਨ ਅਮਰੀਕ ਸਿੰਘ ਬਲਾਲਾ, ਡਾਇਰੈਕਟਰ ਨਿਰਮਲ ਸਿੰਘ ਭੰਗੂ, ਪ੍ਰਿੰਸੀਪਲ ਅਮਨਪ੍ਰੀਤ ਸਿੰਘ, ਵਾਈਸ ਪ੍ਰਿੰਸੀਪਲ ਰਨਦੀਪ ਕੌਰ ਨੇ ਦੱਸਿਆ ਕਿ ਇਸ ਸੱਭਿਆਚਾਰਕ ਪ੍ਰੋਗਰਾਮ ਵਿੱਚ ਗਿੱਧਾ, ਭੰਗੜਾ, ਜਾਗੋ ਤੇ ਬੋਲੀਆਂ ਆਦਿ ਦੀ ਸ਼ਾਨਦਾਰ ਪੇਸ਼ਕਸ਼ ਕੀਤੀ ਗਈ। ਅਧਿਆਪਕਾਂ ਵੱਲੋਂ ਬੱਚਿਆਂ ਦੇ ਸਵਾਲ-ਜਵਾਬ ਮੁਕਾਬਲੇ ਵੀ ਕਰਵਾਏ ਗਏ ਤੇ ਉਨ੍ਹਾਂ ਨੂੰ ਸੱਭਿਆਚਾਰਕ ਵਿਰਾਸਤ ਤੋਂ ਜਾਣੂੰ ਕਰਵਾਇਆ ਗਿਆ।
ਇਸ ਮੌਕੇ ਕਰਵਾਏ ਗਏ ਮੁਕਾਬਲਿਆਂ ਵਿੱਚ ਮਿਸ ਤੀਜ ਪਰੀ, ਮਿਸ ਪੰਜਾਬਣ ਜਸਮੀਨ ਕੌਰ, ਮਿਸ ਸੁੰਦਰੀ ਭਵਨੀਤ ਕੌਰ ਨੂੰ ਚੁਣਿਆ ਗਿਆ। ਜੇਤੂ ਵਿਦਿਆਰਥਣਾਂ ਨੂੰ ਮੌਕੇ ਤੇ ਇਨਾਮਾਂ ਦੀ ਵੰਡ ਕਰਕੇ ਉਹਨਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਗਈ। ਸਕੂਲ ਪ੍ਰਧਾਨ ਅਮਰੀਕ ਸਿੰਘ ਬਲਾਲਾ ਨੇ ਬੱਚਿਆਂ ਨੂੰ ਪੰਜਾਬੀ ਵਿਰਾਸਤ ਬਾਰੇ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਅਜਿਹੇ ਤਿਉਹਾਰ ਬੱਚਿਆਂ ਵਿਚ ਆਪਣੀ ਮੂਲ ਸਭਿਆਚਾਰ ਪ੍ਰਤੀ ਪਿਆਰ ਤੇ ਮਾਣ ਪੈਦਾ ਕਰਦੇ ਹਨ। ਇਹ ਤਿਉਹਾਰ ਨਵੀਂ ਪੀੜ੍ਹੀ ਨੂੰ ਪੰਜਾਬੀ ਸਭਿਆਚਾਰ ਅਤੇ ਰੀਤੀ-ਰਿਵਾਜਾਂ ਨਾਲ ਜੋੜਨ ਦੇ ਮਕਸਦ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਸ਼ਾਮਿਲ ਸੀ।