ਖੇਤਰੀ ਪ੍ਰਤੀਨਿਧ
ਲੁਧਿਆਣਾ, 2 ਜੁਲਾਈ
ਡੀਏਵੀ ਪਬਲਿਕ ਸਕੂਲ ਪੱਖੋਵਾਲ ਰੋਡ ਵਿੱਚ ਸਕੂਲ ਦੇ ਅਧਿਆਪਕਾਂ ਲਈ ਦੋ ਰੋਜ਼ਾ ਕਾਰਜਸ਼ਾਲਾ ਕਰਵਾਈ ਗਈ। ਇਹ ਕਾਰਜਸ਼ਾਲਾ ਸੀਬੀਐੱਸਈ ਵੱਲੋਂ ਕੌਮੀ ਪਾਠਕ੍ਰਮ ਫਰੇਮਵਰਕ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ’ਤੇ ਅਧਾਰਿਤ ਸੀ। ਇਸ ਕਾਰਜਸ਼ਾਲਾ ਦਾ ਸਕੂਲ ਦੇ 120 ਦੇ ਕਰੀਬ ਅਧਿਆਪਕਾਂ ਨੇ ਲਾਭ ਲਿਆ।
ਕਾਰਜਸ਼ਾਲਾ ਦੀ ਸ਼ੁਰੂਆਤ ਸਕੂਲ ਦੇ ਪ੍ਰਿੰ. ਡਾ. ਸਤਵੰਤ ਕੌਰ ਭੁੱਲਰ ਦੇ ਰਸਮੀ ਭਾਸ਼ਣ ਨਾਲ ਹੋਈ। ਉਨ੍ਹਾਂ ਨੇ ਅਧਿਆਪਕਾਂ ਦੇ ਲਗਾਤਾਰ ਪੇਸ਼ੇਵਰ ਵਿਕਾਸ ਲਈ ਸਕੂਲ ਪ੍ਰਸ਼ਾਸਨ ਦੇ ਸਮਰਪਣ ਦੀ ਸ਼ਲਾਘਾ ਕੀਤੀ।
ਕਾਰਜਸ਼ਾਲਾ ਦੇ ਸੈਸ਼ਨ ਸੀਬੀਐਸਈ ਵੱਲੋਂ ਵਿਸ਼ੇਸ਼ ਸਿਖਲਾਈ ਪ੍ਰਾਪਤ ਸਰੋਤ ਸ਼ਖਸੀਅਤਾਂ ਦੀ ਸੂਝਵਾਨ ਅਤੇ ਤਜ਼ਰਬੇਕਾਰ ਟੀਮ ਵੱਲੋਂ ਕਰਵਾਏ ਗਏ। ਇੰਨਾਂ ਵਿੱਚ ਸੇਵਾ ਮੁਕਤ ਪ੍ਰਿੰਸੀਪਲ ਮਧੂ ਸ਼ਰਮਾ, ਜਿੰਨੀ ਤਲਵਾੜਾ, ਬਲਜੀਤ ਸਿੰਘ ਅਤੇ ਰੋਹਿਤ ਮਲਹੋਤਰਾ ਆਦਿ ਸ਼ਾਮਿਲ ਸਨ। ਇੰਨਾਂ ਮਾਹਿਰਾਂ ਨੇ ਜਿੱਥੇ ਰਾਸ਼ਟਰੀ ਪਾਠਕ੍ਰਮ ਢਾਂਚੇ 2023 ਦੇ ਪਰਿਵਰਤਨਸ਼ੀਲ ਦ੍ਰਿਸ਼ਟੀਕੋਣ ਅਤੇ ਆਉਣ ਵਾਲੇ ਸਮੇਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸੀ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਕਾਰਜਸ਼ਾਲਾ ਵਿੱਚ ਅਧਿਆਪਕਾਂ ਨੇ ਵਿਚਾਰਸ਼ੀਲ ਪੇਸ਼ਕਾਰੀਆਂ, ਸਹਿਯੋਗੀ ਵਿਚਾਰ-ਵਟਾਂਦਰੇ ਅਤੇ ਵੱਖ ਵੱਖ ਗਤੀਵਿਧੀਆਂ ਦੇ ਨਾਲ ਜਮਾਤਾਂ ਵਿੱਚ ਅਨੁਭਵੀ ਸਿਖਲਾਈ, ਯੋਗਤਾ ਅਧਾਰਤ ਮੁਲਾਂਕਣ ਅਤੇ ਪੜ੍ਹਾਉਣ ਦੀਆਂ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਪ੍ਰਿੰ. ਡਾ. ਭੁੱਲਰ ਨੇ ਅਜਿਹੀ ਸਹੂਲਤ ਲਈ ਸੀਬੀਐਸਈ ਦੀ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਵਿਸ਼ਿਆਂ ’ਤੇ ਮਹੱਤਵਪੂਰਨ ਗਿਆਨ ਅਤੇ ਜਾਣਕਾਰੀ ਪ੍ਰਦਾਨ ਕਰਨ ਲਈ ਬੁਲਾਰਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਅਕਾਦਮਿਕ ਸੁਪਰਵਾਈਜ਼ਰ ਜੈਦੀਪ ਕੌਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।