ਅਧਿਆਪਕਾਂ ਵੱਲੋਂ ਵਿਭਾਗੀ ਕੰਮਾਂ ਦਾ ਬਾਈਕਾਟ
ਜਸਬੀਰ ਸ਼ੇਤਰਾ
ਜਗਰਾਉਂ, 7 ਜੁਲਾਈ
ਆਪਣੀਆਂ ਹੱਕੀ ਮੰਗਾਂ ਦੇ ਹੱਕ ਵਿੱਚ ਅਧਿਆਪਕਾਂ ਨੇ ਵਿਭਾਗੀ ਕੰਮਾਂ ਦਾ ਪੂਰਨ ਬਾਈਕਾਟ ਕਰ ਦਿੱਤਾ ਹੈ ਅਤੇ ਭਲਕ ਤੋਂ ਸਿੱਖਿਆ ਬੋਰਡ ਮੁਹਾਲੀ ਵਿੱਚ ਧਰਨਾ ਲਾਉਣ ਅਤੇ ਹਰੇਕ ਬਲਾਕ ਵਿੱਚੋਂ ਸ਼ਾਮਲ ਹੋਣ ਦੀ ਗੱਲ ਕਹੀ ਹੈ। ਆਈਈਏਟੀ ਅਧਿਆਪਕ ਯੂਨੀਅਨ ਦੇ ਆਗੂਆਂ ਨੇ ਅੱਜ ਇਥੇ ਕੰਮਕਾਜ ਦਾ ਬਾਈਕਾਟ ਕਰਨ ਮੌਕੇ ਜਾਣਕਾਰੀ ਸਾਂਝੀ ਕੀਤੀ। ਸੂਬਾ ਕਨਵੀਨਰ ਗੁਰਲਾਲ ਸਿੰਘ ਤੂਰ, ਪਰਮਜੀਤ ਕੌਰ ਪੱਖੋਵਾਲ, ਜਸਵੰਤ ਸਿੰਘ ਪੰਨੂ, ਮਨਪ੍ਰੀਤ ਸਿੰਘ ਮੁਹਾਲੀ ਤੇ ਨਰਿੰਦਰ ਸਿੰਘ ਨੇ ਦੱਸਿਆ ਕਿ ਸੂਬੇ ਵਿੱਚ ਇਕ ਹਜ਼ਾਰ ਦੇ ਕਰੀਬ ਆਈਈਏਟੀ ਅਧਿਆਪਕ ਆਈਈਡੀ ਕੰਪੋਨੈਟ ਤਹਿਤ ਸਾਰੇ ਜ਼ਿਲ੍ਹਿਆਂ ਦੇ ਬਲਾਕਾਂ ਅਧੀਨ ਸੈਂਟਰ ਸਕੂਲਾਂ ਵਿੱਚ ਪਿਛਲੇ 16-17 ਸਾਲਾਂ ਤੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਪੜ੍ਹਾ ਰਹੇ ਹਨ। ਯੂਨੀਅਨ ਵਲੋਂ ਕਾਫੀ ਸੰਘਰਸ਼ ਦੇ ਬਾਵਜੂਦ ਸਰਕਾਰ ਨੇ 28 ਜੁਲਾਈ ਨੂੰ ਰੈਗੂਲਰ ਆਡਰ ਦੇ ਕੇ ਪੱਕਾ ਕਰਨ ਦਾ ਐਲਾਨ ਕਰ ਦਿੱਤਾ ਸੀ ਅਤੇ ਸਾਜਿਸ਼ ਤਹਿਤ ਕਾਂਗਜ਼ਾਂ ਵਿੱਚ ਪੱਕੇ ਕੀਤੇ ਅਧਿਆਪਕਾਂ ਤੋਂ ਐਨੇ ਸਾਲ ਕੰਮ ਕਰਨ ਤੋਂ ਬਾਅਦ ਵੀ ਸਰਕਾਰ ਨੇ ਸਿਰਫ਼ 16 ਹਜ਼ਾਰ ਰੁਪਏ ਨਾਮਾਤਰ ਤਨਖ਼ਾਹ ਦਿੰਦਿਆਂ ਬਾਰ੍ਹਵੀਂ ਪਾਸ ਹੋਣ ਦੇ ਆਧਾਰ ’ਤੇ ਹੀ ਗਰੁੱਪ ਡੀ ਵਿੱਚ ਰੱਖ ਦਿੱਤਾ ਗਿਆ, ਜਦਕਿ ਅਧਿਆਪਕਾਂ ਦੀਆਂ ਸਾਰੀਆਂ ਉੱਚ ਵਿਦਿਅਕ ਯੋਗਤਾਵਾਂ ਅਤੇ ਉੱਚ ਪ੍ਰੋਫੈਸਨਲ ਯੋਗਤਾਵਾਂ ਛੁਪਾ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਸਮੂਹ ਆਈਈਵੀ ਅਧਿਆਪਕਾਂ ਨੂੰ 2019 ਵਿੱਚ ਡੀਪੀਆਈ ਦੇ ਅਧੀਨ ਲਿਆਂਦਾ ਗਿਆ, ਜਦਕਿ ਇਹੋ ਅਧਿਆਪਕਾਂ ਤੋਂ ਕੰਮ ਆਈਈਡੀ ਕੰਪੋਨੈਟ ਵਿੱਚ ਕਰਵਾਇਆ ਗਿਆ। ਯੂਨੀਅਨ ਵੱਲੋਂ ਕਈ ਵਾਰ ਸਰਕਾਰ ਦੇ ਸਿੱਖਿਆ ਮੰਤਰੀ ਸਮੇਤ ਹੋਰ ਮੰਤਰੀਆਂ ਤੋਂ ਇਲਾਵਾ ਡੀਪੀਆਈ ਨਾਲ ਮੀਟਿੰਗਾਂ ਕਰਕੇ ਧਿਆਨ ਵਿੱਚ ਲਿਆਂਦਾ ਗਿਆ ਪਰ ਲਾਰੇ ਹੀ ਪੱਲੇ ਪਏ। ਇਸ ਮੌਕੇ ਗੁਰਪ੍ਰੀਤ ਰਾਠੀ, ਧਿਆਨ ਸਿੰਘ ਫਿਰੋਜ਼ਪੁਰ, ਹਰਪ੍ਰੀਤ ਸਿੰਘ, ਰਾਜਵੀਰ ਘਾਰੂ, ਸੰਸਾਰ ਸਿੰਘ, ਕੁਲਵਿੰਦਰ ਸਿੰਘ ਮੁਕਤਸਰ, ਜਸਪਾਲ ਕੌਰ, ਕਪਿਲ ਜੋਸ਼ੀ, ਹਰਦੇਵ ਸਿੰਘ ਮੋਗਾ ਅਤੇ ਕੰਵਲਜੀਤ ਕੌਰ ਲੁਧਿਆਣਾ ਹਾਜ਼ਰ ਸਨ।