ਟੈਕਸ ਜਮ੍ਹਾਂ ਕਰਾਉਣ ਦੀ ਮਿਆਦ ਵਧਾਈ
ਪੰਜਾਬ ਸਰਕਾਰ ਵੱਲੋਂ ਸ਼ਹਿਰੀ ਜਾਇਦਾਦਾਂ ਦਾ ਟੈਕਸ ਬਿਨਾ ਜੁਰਮਾਨਾ ਅਤੇ ਵਿਆਜ ਤੋਂ ਜਮ੍ਹਾਂ ਕਰਾਉਣ ਦੀ ਮਿਆਦ ਵਿੱਚ ਹੋਰ ਵਾਧਾ ਕਰਦਿਆਂ ਇਹ 15 ਅਗਸਤ ਤੱਕ ਵਧਾ ਦਿੱਤੀ ਗਈ ਹੈ। ਨਗਰ ਕੌਂਸਲ ਰਾਏਕੋਟ ਦੇ ਸੁਪਰਡੈਂਟ ਗਗਨ ਉੱਪਲ ਨੇ ਸ਼ਹਿਰ ਵਾਸੀਆਂ ਨੂੰ ਸੂਬਾ ਸਰਕਾਰ ਵੱਲੋਂ ਦਿੱਤੀ ਜਾ ਰਹੀ ਸਹੂਲਤ ਦਾ ਲਾਭ ਉਠਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਾਲ 2013-14 ਤੋਂ ਲੈ ਕੇ ਮਾਲੀ ਸਾਲ 2024-25 ਤੱਕ ਦਾ ਜਾਇਦਾਦ ਟੈਕਸ ਬਿਨਾ ਕਿਸੇ ਜੁਰਮਾਨੇ ਅਤੇ ਵਿਆਜ ਤੋਂ ਜਮ੍ਹਾਂ ਕਰਾਉਣ ਲਈ 31 ਜੁਲਾਈ ਤੱਕ ਦਾ ਸਮਾਂ ਦਿੱਤਾ ਗਿਆ ਸੀ, ਜਿਸ ਨੂੰ ਵਧਾ ਕੇ ਆਖ਼ਰੀ ਤਾਰੀਖ਼ 15 ਅਗਸਤ ਮੁਕੱਰਰ ਕਰ ਦਿੱਤੀ ਗਈ ਹੈ।
ਸੁਪਰਡੈਂਟ ਗਗਨ ਉੱਪਲ ਅਨੁਸਾਰ ਇਸ ਮਿਆਦ ਅੰਦਰ ਜਾਇਦਾਦ ਟੈਕਸ ਜਮ੍ਹਾਂ ਕਰਾਉਣ ਵਾਲਿਆਂ ਨੂੰ 10 ਫ਼ੀਸਦੀ ਵਾਧੂ ਛੋਟ ਵੀ ਦਿੱਤੀ ਗਈ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਆਪਣੀ ਜਾਇਦਾਦ ਦਾ ਸਵੈ-ਮੁਲਾਂਕਣ ਕਰ ਕੇ ਟੈਕਸ ਜਮ੍ਹਾਂ ਕਰਾਉਣ ਦਾ ਇਹ ਮੌਕਾ ਖੁੰਝ ਜਾਣ ਬਾਅਦ ਜਾਇਦਾਦ ਟੈਕਸ ਵਿਆਜ ਅਤੇ ਜੁਰਮਾਨੇ ਸਮੇਤ ਜਮ੍ਹਾ ਕਰਾਉਣਾ ਪਵੇਗਾ।