ਹੁਸ਼ਿਆਰਪੁਰ ਕਾਂਡ ’ਚ ਸਮੁੱਚੇ ਕਿਰਤੀ ਵਰਗ ਨੂੰ ਨਿਸ਼ਾਨਾ ਬਣਾਉਣਾ ਨਿਆਂ ਨਹੀਂ
ਹੁਸ਼ਿਆਰਪੁਰ ਵਿੱਚ ਬੱਚੇ ਨਾਲ ਵਾਪਰੀ ਦਰਦਨਾਕ ਘਟਨਾ ਦੇ ਦੋਸ਼ੀ ਲਈ ਸਖ਼ਤ ਸਜ਼ਾ ਦੀ ਮੰਗ ਕਰਦਿਆਂ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਨੇ ਇਸ ਚੱਕਰ ਵਿੱਚ ਸਮੁੱਚੇ ਕਿਰਤੀ ਵਰਗ ਨੂੰ ਨਿਸ਼ਾਨਾ ਨਾ ਬਣਾਉਣ ਦੀ ਅਪੀਲ ਕੀਤੀ ਹੈ। ਇਥੇ ਇਕ ਮੀਟਿੰਗ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਕਿਸੇ ਵੀ ਭਾਈਚਾਰੇ ਵਿੱਚ ਹਰ ਕਿਸਮ ਦੇ ਚੰਗੇ ਮਾੜੇ ਲੋਕ ਹੋ ਸਕਦੇ ਹਨ ਪਰ ਇਕ ਵਿਅਕਤੀ ਦੇ ਮਾੜੇ ਕਾਰੇ ਕਰਕੇ ਪੂਰਾ ਭਾਈਚਾਰਾ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਜਸਦੇਵ ਸਿੰਘ ਲਲਤੋਂ, ਗੁਰਮੇਲ ਸਿੰਘ ਢੱਟ, ਗੁਰਮੇਲ ਸਿੰਘ ਕੁਲਾਰ, ਅਮਰੀਕ ਸਿੰਘ ਤਲਵੰਡੀ, ਕੁਲਦੀਪ ਸਿੰਘ ਸਵੱਦੀ ਤੇ ਜਸਵੰਤ ਸਿੰਘ ਮਾਨ ਨੇ ਹੁਸ਼ਿਆਰਪੁਰ ਵਹਿਸ਼ੀ ਕਤਲ ਕਾਂਡ ਅਤੇ ਮੌਜੂਦਾ ਪੰਜਾਬ ਦੀ ਅਜੋਕੀ ਸਥਿਤੀ ਦੇ ਸੰਦਰਭ ਵਿੱਚ ਵਿਚਾਰ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਮਾਸੂਮ ਹਰਵੀਰ ਨੂੰ ਕਤਲ ਕਰਨ ਵਾਲੇ ਦੋਸ਼ੀ ਖ਼ਿਲਾਫ਼ ਫਾਸਟ ਟਰੈਕ ਅਦਾਲਤ ਵਿੱਚ ਕੇਸ ਚਲਾ ਕੇ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਪੰਜਾਬ ਸਰਕਾਰ ਪਾਸੋਂ ਬਾਹਰਲੇ ਮਾੜੇ ਅਪਰਾਧਕ ਅਨਸਰਾਂ ਦਾ ਦਾਖ਼ਲਾ ਬੰਦ ਕਰਨ ਦੀ ਵੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਘਟਨਾ ਕਰਕੇ ਸਮੁੱਚੇ ਕਿਰਤੀ ਵਰਗ ਨੂੰ ਦੋਸ਼ੀ ਠਹਿਰਾਉਣਾ ਨਿਆਂ ਦੇ ਤਕਾਜ਼ੇ ’ਤੇ ਵਾਜਬ ਨਹੀਂ। ਜਦੋਂ ਪੰਜਾਬੀ ਭਾਈਚਾਰੇ ਦਾ ਕੋਈ ਬੰਦਾ ਬਾਹਰਲੇ ਸੂਬੇ ਜਾਂ ਵਿਦੇਸ਼ ਵਿੱਚ ਕੋਈ ਵਹਿਸ਼ੀ ਕਾਰਾ ਕਰਦਾ ਹੈ ਤਾਂ ਕੀ ਸਾਰੇ ਪੰਜਾਬੀਆਂ ਨੂੰ ਉਸ ਲਈ ਦੋਸ਼ੀ ਠਹਿਰਾਇਆ ਜਾ ਸਕਦਾ ਹੈ? ਜਥੇਬੰਦੀ ਨੇ ਕਿਹਾ ਕਿ ਪੰਜਾਬ ਦੀ ਖੇਤੀ, ਡੇਅਰੀ ਤੇ ਸਨਅਤ ਪਰਵਾਸੀ ਮਜ਼ਦੂਰ ਵਰਗ ਦੇ ਸਿਰ 'ਤੇ ਚਲਦੀ ਹੈ। ਇਸ ਵਰਗ ਦੀ ਕਿਰਤ ਦੀ ਗੈਰਮੌਜੂਦਗੀ ਪੰਜਾਬ ਦੀ ਆਰਥਿਕਤਾ ਨੂੰ ਤਬਾਹੀ ਵੱਲ ਲੈ ਕੇ ਜਾਵੇਗਾ। ਇਸ ਲਈ ਇਹ ਪੱਖ ਵੀ ਵਿਚਾਰਨਾ ਜ਼ਰੂਰੀ ਹੈ। ਮੀਟਿੰਗ ਵਿੱਚ ਮਹਿੰਦਰ ਸਿੰਘ ਕੁਲਾਰ, ਮਲਕੀਤ ਸਿੰਘ ਢੱਟ, ਗੁਰਦੀਪ ਸਿੰਘ ਮੰਡਿਆਣੀ, ਬਲਦੇਵ ਸਿੰਘ ਪੰਡੋਰੀ, ਅਮਰਜੀਤ ਸਿੰਘ ਖੰਜਰਵਾਲ ਸ਼ਾਮਲ ਹੋਏ।