ਜੀਐੱਸਟੀ ਦਿਵਸ ਮੌਕੇ ਗੈਰ-ਰਜਿਸਟਰਡ ਡੀਲਰਾਂ ਦਾ ਸਰਵੇਖਣ
ਖੇਤਰੀ ਪ੍ਰਤੀਨਿਧ
ਲੁਧਿਆਣਾ, 2 ਜੁਲਾਈ
ਜੀਐੱਸਟੀ . ਦਿਵਸ ਮੌਕੇ ਸਹਾਇਕ ਕਮਿਸ਼ਨਰ ਰਾਜ ਟੈਕਸ, ਲੁਧਿਆਣਾ-3 ਦੇ ਦਫ਼ਤਰ ਵੱਲੋਂ ਆਪਣੇ ਅਧਿਕਾਰ ਖੇਤਰ ਵਿਚ ਗੈਰ-ਰਜਿਸਟਰਡ ਡੀਲਰਾਂ ਦਾ ਇੱਕ ਵਿਆਪਕ ਸਰਵੇਖਣ ਕੀਤਾ ਗਿਆ, ਜਿਸ ਦਾ ਉਦੇਸ਼ ਟੈਕਸ ਪਾਲਣਾ ਨੂੰ ਉਤਸ਼ਾਹਿਤ ਕਰਨਾ ਅਤੇ ਕਾਰੋਬਾਰਾਂ ਨੂੰ ਜੀਐੱਸਟੀ ਪ੍ਰਣਾਲੀ ਅਧੀਨ ਲਿਆਉਣਾ ਸੀ।
ਏਸੀਐੱਸਟੀ ਸ਼ਾਈਨੀ ਸਿੰਘ ਦੇ ਨਿਰਦੇਸ਼ਾਂ ’ਤੇ ਟੀਮਾਂ ਵੱਲੋਂ ਘੁਮਾਰ ਮੰਡੀ, ਮਾਲ ਰੋਡ, ਅਕਾਲਗੜ੍ਹ ਮਾਰਕੀਟ, ਮੀਨਾ ਬਾਜ਼ਾਰ, ਸਾਊਥ ਸਿਟੀ, ਆਰਤੀ ਚੌਕ ਅਤੇ ਨਾਲ ਲੱਗਦੇ ਖੇਤਰਾਂ, ਫਿਰੋਜ਼ ਗਾਂਧੀ ਮਾਰਕੀਟ, ਮਾਤਾ ਰਾਣੀ ਚੌਕ, ਫਿਰੋਜ਼ਪੁਰ ਰੋਡ, ਹੈਬੋਵਾਲ ਰੋਡ, ਬਹਾਦਰਕੇ ਰੋਡ, ਨੂਰੇਵਾਲਾ ਰੋਡ, ਰਾਹੋਂ ਰੋਡ, ਜਲੰਧਰ ਬਾਈਪਾਸ ਖੇਤਰ ਦਾ ਸਰਵੇਖਣ ਕੀਤਾ ਗਿਆ। ਸ਼ਾਈਨੀ ਸਿੰਘ ਨੇ ਕਿਹਾ ਕਿ ਇਹ ਪਹਿਲਕਦਮੀ ਟੈਕਸ ਪਾਲਣਾ ਨੂੰ ਯਕੀਨੀ ਬਣਾਉਣ ਅਤੇ ਟੈਕਸ ਆਧਾਰ ਨੂੰ ਵਧਾਉਣ ਲਈ ਵਿਭਾਗ ਦੀ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ। ਏ.ਸੀ.ਐਸ.ਟੀ ਨੇ ਕਿਹਾ ਕਿ ਸਰਵੇਖਣ ਦਾ ਉਦੇਸ਼ ਉਨ੍ਹਾਂ ਕਾਰੋਬਾਰਾਂ ਦੀ ਪਛਾਣ ਕਰਨਾ ਅਤੇ ਟੈਕਸ ਪ੍ਰਣਾਲੀ ਵਿੱਚ ਲਿਆਉਣਾ ਹੈ, ਜੋ ਮੌਜੂਦਾ ਸਮੇਂ ਜੀਐੱਸਟੀ ਢਾਂਚੇ ਤੋਂ ਬਾਹਰ ਕੰਮ ਕਰ ਰਹੇ ਹਨ।
ਏ.ਸੀ.ਐਸ.ਟੀ. ਨੇ ਵਪਾਰੀਆਂ ਨੂੰ ਜੀਐੱਸਟੀ ਤਹਿਤ ਰਜਿਸਟਰ ਹੋਣ ਦੀ ਅਪੀਲ ਕਰਦਿਆਂ ਜੀਐੱਸਟੀ ਦਿਵਸ ’ਤੇ ਪਾਰਦਰਸ਼ੀ ਅਤੇ ਕੁਸ਼ਲ ਟੈਕਸ ਪ੍ਰਣਾਲੀ ਬਣਾਉਣ ਦੀ ਵਚਨਬੱਧਤਾ ਦੁਹਰਾਈ। ਉਨ੍ਹਾਂ ਕਿਹਾ ਕਿ ਜੀਐੱਸਟੀ ਵਿਭਾਗ ਕਾਰੋਬਾਰਾਂ ਦਾ ਸਮਰਥਨ ਕਰਨ ਅਤੇ ਟੈਕਸ ਪਾਲਣਾ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਹੈ। ਉਨ੍ਹਾਂ ਨੇ ਕਿਹਾ ਕਿ ਜੀਐੱਸਟੀ ਐਕਟ, 2017 ਤਹਿਤ ਗੈਰ-ਰਜਿਸਟਰਡ ਡੀਲਰਾਂ ਨੂੰ ਰਜਿਸਟਰ ਕਰਨ ਲਈ ਯਤਨ ਜਾਰੀ ਹਨ, ਜਿਸ ਨਾਲ ਸਾਰੇ ਕਾਰੋਬਾਰਾਂ ਦਾ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਯਕੀਨੀ ਬਣੇਗਾ।
ਐਸ.ਟੀ.ਓ.-ਕਮ-ਨੋਡਲ ਅਫਸਰ ਹਰਦੀਪ ਸਿੰਘ ਆਹੂਜਾ ਨੇ ਕਿਹਾ ਕਿ ਵਿਭਾਗ ਵੱਲੋਂ ਸਾਰੇ ਭਾਗੀਦਾਰਾਂ ਨੂੰ ਦੇਸ਼ ਦੀ ਇਕ ਮਜ਼ਬੂਤ, ਪਾਰਦਰਸ਼ੀ ਅਤੇ ਕੁਸ਼ਲ ਟੈਕਸ ਪ੍ਰਣਾਲੀ ਬਣਾਉਣ ਲਈ ਇਕਜੁੱਟ ਹੋ ਕੇ ਕੰਮ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਪਾਰੀਆਂ ਦੇ ਸਹਿਯੋਗ ਨਾਲ ਅੱਗੇ ਵੀ ਅਜਿਹੀਆਂ ਸਰਗਰਮੀਆਂ ਜਾਰੀ ਰਹਿਣਗੀਆਂ।