ਖ਼ੁਦਕੁਸ਼ੀ ਮਾਮਲਾ: ਬੈਂਕ ਮੈਨੇਜਰ ਸਣੇ ਤਿੰਨ ਖ਼ਿਲਾਫ਼ ਕੇਸ ਦਰਜ
ਗਗਨਦੀਪ ਅਰੋੜਾ
ਲੁਧਿਆਣਾ, 27 ਜੂਨ
ਪੰਜਾਬ ਦੀ ਸਭ ਤੋਂ ਵੱਡੀ ਹੌਜ਼ਰੀ ਤੇ ਕਪੜਿਆਂ ਦੀ ਥੋਕ ਗਾਂਧੀਨਗਰ ਮਾਰਕੀਟ ਦੀ ਮਸ਼ਹੂਰ ਪੰਚਰਤਨ ਹੌਜ਼ਰੀ ਦੇ ਮਾਲਕ ਜਸਬੀਰ ਸਿੰਘ ਅਤੇ ਉਸ ਦੀ ਪਤਨੀ ਕੁਲਦੀਪ ਕੌਰ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਥਾਣਾ ਡਿਵੀਜ਼ਨ 4 ਦੀ ਪੁਲਿਸ ਨੇ ਬੈਂਕ ਮੈਨੇਜਰ ਸਣੇ ਤਿੰਨ ਲੋਕਾਂ ਵਿਰੁੱਧ ਕੇਸ ਦਰਜ ਕੀਤਾ ਹੈ। ਫਿਰੋਜ਼ ਗਾਂਧੀ ਮਾਰਕੀਟ ਵਿੱਚ ਸਥਿਤ ਆਈਡੀਐੱਫਸੀ ਬੈਂਕ ਦੇ ਮੈਨੇਜਰ ਅਤੇ ਉਸ ਦੇ ਦੋ ਸਾਥੀਆਂ ਨੇ ਇੱਕ ਹਫ਼ਤਾ ਪਹਿਲਾਂ ਜੋੜੇ ਨੂੰ ਧਮਕੀਆਂ ਦਿੱਤੀਆਂ ਸਨ ਜਿਸ ਕਾਰਨ ਦੋਵੇਂ ਪਰੇਸ਼ਾਨ ਸਨ ਤੇ ਉਨ੍ਹਾਂ ਨੇ ਨੋਟ ਲਿਖ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਜਸਬੀਰ ਸਿੰਘ ਦੇ ਪੁੱਤਰ ਗਗਨਦੀਪ ਸਿੰਘ ਦੀ ਸ਼ਿਕਾਇਤ ’ਤੇ ਪੁਲੀਸ ਨੇ ਬੈਂਕ ਮੈਨੇਜਰ ਨਰੇਸ਼ ਸ਼ਰਮਾ ਤੇ ਉਸਦੇ ਦੋ ਸਾਥੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਪੁਲੀਸ ਨੇ ਪੋਸਟਮਾਰਟਮ ਮਗਰੋਂ ਦੋਵੇਂ ਲਾਸ਼ਾਂ ਪਰਿਵਾਰ ਨੂੰ ਸੌਂਪ ਦਿੱਤੀਆਂ ਜਿਸ ਮਗਰੋਂ ਪਰਿਵਾਰ ਨੇ ਅੰਤਿਮ ਰਸਮਾਂ ਪੂਰੀਆਂ ਕੀਤੀਆਂ।
ਗਗਨਦੀਪ ਸਿੰਘ ਵੱਲੋਂ ਪੁਲੀਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ ਉਸ ਦੇ ਪਿਤਾ ਨੇ ਪ੍ਰਾਪਰਟੀ ਗਿਰਵੀ ਰੱਖ ਕੇ ਆਈਡੀਐੱਫਸੀ ਬੈਂਕ ਤੋਂ 2 ਕਰੋੜ 38 ਲੱਖ ਰੁਪਏ ਦਾ ਲੋਨ ਲਿਆ ਸੀ, ਜਿਸ ਦੀ ਕਿਸ਼ਤ ਇਸ ਵਾਰ ਲੇਟ ਹੋ ਗਈ ਸੀ। ਇਸ ਮਗਰੋਂ ਬੈਂਕ ਮੈਨੇਜਰ ਨਰੇਸ਼ ਸ਼ਰਮਾ ਤੇ ਉਸ ਦੇ ਦੋ ਸਾਥੀ ਕੁਝ ਦਿਨ ਪਹਿਲਾਂ ਘਰ ਆਏ ਤੇ ਜਸਬੀਰ ਸਿੰਘ ਤੇ ਕੁਲਦੀਪ ਕੌਰ ਨੂੰ ਜ਼ਲੀਲ ਕਰਕੇ ਧਮਕੀਆਂ ਦਿੱਤੀਆਂ। ਜਿਸ ਮਗਰੋਂ ਦੋਵੇਂ ਬਹੁਤ ਪ੍ਰੇਸ਼ਾਨ ਸਨ। ਰੋਜ਼ ਵਾਂਗ ਵੀਰਵਾਰ ਸਵੇਰੇ ਦੋਵੇਂ ਸਵੇਰੇ 8.30 ਦੁਕਾਨ ’ਤੇ ਗਏ ਤੇ ਕੋਈ ਪਦਾਰਥੀ ਚੀਜ਼ ਖਾ ਲਈ। ਜਦੋਂ ਸਵੇਰੇ 11 ਵਜੇ ਗਗਨਦੀਪ ਦੁਕਾਨ ’ਤੇ ਪਹੁੰਚਿਆ ਤਾਂ ਦੋਵੇਂ ਨੀਮ ਬੇਹੋਸ਼ੀ ਵਿੱਚ ਸਨ। ਉਸ ਨੇ ਦੋਵਾਂ ਨੂੰ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜਸਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਜ਼ਹਿਰੀਲਾ ਪਦਾਰਥ ਪੀਤਾ ਹੈ। ਗਗਨਦੀਪ ਨੇ ਲੋਕਾਂ ਦੀ ਮਦਦ ਨਾਲ ਮਾਤਾ-ਪਿਤਾ ਨੂੰ ਡੀਐੱਮਸੀ ਹਸਪਤਾਲ ਪਹੁੰਚਾਇਆ ਪਰ ਇਲਾਜ ਦੌਰਾਨ ਦੋਵਾਂ ਦੀ ਮੌਤ ਹੋ ਗਈ।