ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ ਮੰਗਾਂ ਦੇ ਹੱਕ ਵਿੱਚ ਲਾਮਬੰਦੀ
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਨੇ ਮੁਲਾਜ਼ਮਾਂ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਦੇ ਹੱਕ ਵਿੱਚ ਪੰਜਾਬ ਸਰਕਾਰ ਵਿਰੁੱਧ ਭਲਕੇ 11 ਅਗਸਤ ਨੂੰ ਜ਼ਿਲ੍ਹਾ ਹੈਡਕੁਆਰਟਰਾਂ ਤੇ ਦੁਪਿਹਰ 12-00 ਵਜੇ ਪੰਜਾਬ ਸਰਕਾਰ ਦੀ ਅਰਥੀ ਫੂਕਣ ਦਾ ਐਲਾਨ ਕੀਤਾ ਹੈ।
ਅੱਜ ਇੱਥੇ ਜਥੇਬੰਦੀ ਦੀ ਪ੍ਰਧਾਨ ਹਰਬੰਸ ਸਿੰਘ ਪੰਧੇਰ ਦੀ ਪ੍ਰਧਾਨਗੀ ਹੇਠ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿੱਚ ਹੋਈ ਮੀਟਿੰਗ ਵਿੱਚ 14 ਅਤੇ 15 ਅਗਸਤ ਨੂੰ ਜ਼ਿਲ੍ਹਾ ਹੈੱਡਕੁਆਰਟਰਾਂ ਤੇ 24 ਘੰਟੇ ਦੀ ਭੁੱਖ ਹੜਤਾਲ ਕਰਕੇ ਝੰਡਾ ਲਹਿਰਾਉਣ ਲਈ ਆਉਣ ਵਾਲੇ ਮੰਤਰੀ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ ਅਤੇ 31 ਅਗਸਤ ਨੂੰ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿੱਚ ਜ਼ਿਲ੍ਹਾ ਕਨਵੈਨਸ਼ਨ ਕਰਕੇ ਮੰਗਾਂ ਦੀ ਪੂਰਤੀ ਲਈ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।
ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਮੁਲਾਜ਼ਮ ਵਿਰੋਧੀ ਨੀਤੀ ਕਾਰਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਗੁੱਸੇ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੈਨਸ਼ਨਰਜ਼ ਸਾਂਝੇ ਫਰੰਟ ਵੱਲੋਂ ਦਿੱਤੇ ਹੋਏ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਭਲਕੇ ਅਰਥੀ ਫੂਕ ਮੁਜ਼ਾਹਰੇ ਵਿੱਚ ਭਾਰੀ ਗਿਣਤੀ ਵਿੱਚ ਮੁਲਾਜ਼ਮ ਹਿੱਸਾ ਲੈਣਗੇ।
ਇਸ ਮੌਕੇ ਸਾਥੀ ਚਰਨ ਸਿੰਘ ਸਰਾਭਾ, ਗੁਰਮੇਲ ਸਿੰਘ ਮੈਲਡੇ, ਪ੍ਰਵੀਨ ਕੁਮਾਰ, ਅਵਤਾਰ ਸਿੰਘ ਗਗੜਾ ਅਤੇ ਸੁਰਿੰਦਰ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੰਮੇ ਸਮੇਂ ਤੋਂ ਸਰਕਾਰੀ ਵਿਭਾਗਾਂ ਵਿੱਚ ਭਰਤੀ ਨਹੀਂ ਕੀਤੀ ਗਈ ਇਸ ਲਈ ਨੌਜਵਾਨ ਬੱਚੇ ਲੱਖਾਂ ਰੁਪਏ ਖਰਚ ਕਰਕੇ ਵਿਦੇਸ਼ਾਂ ਵੱਲ ਜਾ ਰਹੇ ਹਨ ਜਦਕਿ ਸਰਕਾਰੀ ਵਿਭਾਗਾਂ ਵਿੱਚ ਲੱਖਾਂ ਅਸਾਮੀਆਂ ਖਾਲੀ ਪਈਆਂ ਹਨ ਅਤੇ ਵਿਭਾਗਾਂ ਵਿੱਚ ਲੰਮੇ ਅਰਸੇ ਤੋਂ ਕੰਮ ਕਰਦੇ ਕਰਮਚਾਰੀਆਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ। ਆਸ਼ਾ ਵਰਕਰਾਂ, ਮਿਡ ਡੇ ਮੀਲ ਵਰਕਰਾਂ ਅਤੇ ਆਂਗਨਵਾੜੀ ਵਰਕਰਾਂ ਦੇ ਮਾਣ ਭੱਤੇ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਪੇ ਕਮਿਸ਼ਨ ਦੇ ਬਕਾਏ ਅਤੇ ਡੀਏ, ਦੀ ਕਿਸ਼ਤਾਂ ਅਤੇ ਬਕਾਇਆ ਰਾਸ਼ੀ ਜਾਰੀ ਨਹੀਂ ਕੀਤੀ ਜਾ ਰਹੀ, ਪੁਰਾਣੀ ਪੈਨਸ਼ਨ ਲਾਗੂ ਨਹੀਂ ਕੀਤੀ ਜਾ ਰਹੀ, 4,9,14, ਏਪੀਸੀ ਸਕੀਮ ਅਤੇ ਭੱਤੇ ਬੰਦ ਕਰ ਦਿੱਤੇ ਹਨ।
ਜ਼ਿਲ੍ਹਾ ਆਗੂ ਵਿਨੋਦ ਕੁਮਾਰ, ਚਰਨ ਸਿੰਘ ਤਾਜਪੁਰੀ, ਰਣਜੀਤ ਸਿੰਘ ਮੁਲਾਂਪੁਰ, ਅਸ਼ੌਕ ਕੁਮਾਰ ਮੱਟੂ, ਜ਼ੋਰਾ ਸਿੰਘ ਮਨਸੂਰਾਂ, ਹਰਜਿੰਦਰ ਸਿੰਘ ਸੀਲੋ, ਅਮਰਜੀਤ ਸਿੰਘ ਚੌਪੜਾ, ਰਣਧੀਰ ਸਿੰਘ ਅਤੇ ਜੀਤ ਸਿੰਘ ਨੇ ਸਮੁੱਚੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਇੰਦਰਜੀਤ ਸਿੰਘ, ਪਰਮਜੀਤ ਸਿੰਘ,ਜੈਵੀਰ, ਜਸਵੰਤ ਸਿੰਘ, ਸੁਖਦੇਵ ਸਿੰਘ, ਚਰਨਜੀਤ ਸਿੰਘ, ਗਿਆਨ ਸਿੰਘ ਹਾਜ਼ਰ ਸਨ।