ਪੰਜਾਬ ਰਾਜ ਸਬ-ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ 2025-26 ਅੱਜ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਸ਼ੁਰੂ ਹੋ ਗਈ। ਇਸ ਚੈਂਪੀਅਨਸ਼ਿਪ ਦੇ ਉਦਘਾਟਨ ਮੌਕੇ ਕੈਬਨਿਟ ਮੰਤਰੀ ਸੰਜੀਵ ਅਰੋੜਾਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਚਾਰ ਦਿਨ ਚੱਲਣ ਵਾਲੀ ਇਸ ਚੈਂਪੀਅਨਸ਼ਿਪ ਵਿੱਚ 20 ਜ਼ਿਲ੍ਹਿਆਂ ਦੇ 700 ਤੋਂ ਵੱਧ ਖਿਡਾਰੀ ਹਿੱਸਾ ਲੈ ਰਹੇ ਹਨ। ਲੜਕੇ ਸਿੰਗਲ ਅੰਡਰ-17 ਵਰਗ ਵਿੱਚ ਲੁਧਿਆਣਾ ਦੇ ਗੁਰਨੂਰ ਸਿੰਘ ਵਿਰਦੀਨੇ ਜਲੰਧਰ ਦੇ ਕਾਰਤਿਕ ਨੂੰ ਹਰਾਇਆ।
ਇਹ ਰਾਜ ਪੱਧਰੀ ਬੈਡਮਿੰਟਨ ਚੈਂਪੀਅਨਸ਼ਿਪ 5 ਨਵੰਬਰ ਨੂੰ ਸਮਾਪਤ ਹੋਵੇਗੀ। ਇਸ ਚੈਂਪੀਅਨਸ਼ਿਪ ਵਿੱਚ 20 ਜ਼ਿਲ੍ਹਿਆਂ ਦੇ 15 ਅਤੇ 17 ਸਾਲ ਤੋਂ ਘੱਟ ਉਮਰ ਦੇ 700 ਤੋਂ ਵੱਧ ਖਿਡਾਰੀ (ਲੜਕੇ ਅਤੇ ਲੜਕੀਆਂ) ਸ਼ਾਮਲ ਹੋਣਗੇ। ਇੰਨਾਂ ਵੱਲੋਂ ਸਿੰਗਲਜ਼, ਡਬਲਜ਼ ਅਤੇ ਮਿਕਸਡ ਡਬਲਜ਼ ਮੁਕਾਬਲਿਆਂ ਵਿੱਚ ਹਿੱਸਾ ਲਿਆ ਜਾ ਰਿਹਾ ਹੈ। ਇਹ ਮੈਚ ਸ਼ਾਸਤਰੀ ਬੈਡਮਿੰਟਨ ਹਾਲ ਅਤੇ ਸਤਲੁਜ ਕਲੱਬ ਵਿਖੇ ਕਰਵਾਏ ਜਾ ਰਹੇ ਹਨ।
ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਅਰੋੜਾ ਨੇ ਕਿਹਾ ਕਿ ਨੌਜਵਾਨਾਂ ਦੇ ਮਨਾਂ ਨੂੰ ਆਕਾਰ ਦੇਣ ਵਿੱਚ ਖੇਡਾਂ ਦੀ ਅਹਿਮ ਭੂਮਿਕਾ ਹੈ। ਖੇਡਾਂ ਸਰੀਰਕ ਤੰਦਰੁਸਤੀ ਦੇ ਨਾਲ ਨਾਲ ਅਨੁਸ਼ਾਸਨ, ਟੀਮ ਵਰਕ, ਲਗਨ ਅਤੇ ਚਰਿੱਤਰ ਨਿਰਮਾਣ ਨੂੰ ਉਤਸ਼ਾਹਿਤ ਕਰਦੀਆਂ ਹਨ। ਉਨ੍ਹਾਂ ਅੰਤਰਿਮ ਕਮੇਟੀ ਅਤੇ ਸਪਾਂਸਰਾਂ ਦੀ ਇਸ ਖੇਡ ਸਮਾਗਮ ਨੂੰ ਸਫਲਤਾਪੂਰਵਕ ਆਯੋਜਿਤ ਕਰਨ ਲਈ ਸ਼ਲਾਘਾ ਕੀਤੀ।
ਅੱਜ ਲੜਕੇ ਸਿੰਗਲ ਅੰਡਰ-17 ਵਰਗ ’ਚ ਜਲੰਧਰ ਦੇ ਰੋਹਨ ਚੌਹਾਨ ਨੇ ਕਪੂਰਥਲਾ ਦੇ ਹਰਨਾਮਨ ਸਿੰਘ ਨੂੰ 21-14 ਅਤੇ 21-15 ਨਾਲ, ਲੁਧਿਆਣਾ ਦੇ ਗੁਰਨੂਰ ਸਿੰਘ ਵਿਰਦੀ ਨੇ ਜਲੰਧਰ ਦੇ ਕਾਰਤਿਕ ਕਪੂਰ ਨੂੰ 21-6, 21-10 ਨਾਲ, ਗੁਰਦਾਸਪੁਰ ਦੇ ਜੈਮਨ ਕਪੂਰ ਨੇ ਜਲੰਧਰ ਦੇ ਅੰਸ਼ ਚੱਢਾ ਨੂੰ 22-20, 18-21, 21-16 ਨਾਲ ਹਰਾਇਆ। ਲੜਕੀਆਂ ਸਿੰਗਲ ਅੰਡਰ-15 ਵਰਗ ’ਚ ਲੁਧਿਆਣਾ ਦੀ ਕਮਿਲ ਸੱਭਰਵਾਲ ਨੇ ਜਲੰਧਰ ਦੀ ਪ੍ਰਭਸਿਰਾਤ ਕੌਰ ਨੂੰ 21-14, 21-18 ਨਾਲ, ਜਲੰਧਰ ਦੀ ਸਮਾਇਰਾ ਓਬਰਾਏ ਨੇ ਲੁਧਿਆਣਾ ਦੀ ਰੁਪਾਨੀ ਰਾਜ ਨੂੰ 21-3, 21-5 ਨਾਲ, ਮੋਗਾ ਦੀ ਮਨਤ ਨੇ ਮੁਹਾਲੀ ਦੀ ਜਸਨੀਤ ਕੌਰ ਨੂੰ 23-21, 21-9 ਨਾਲ ਹਰਾਇਆ।
ਇਸ ਮੌਕੇ ਵਧੀਕ ਡਿਪਟੀ ਕਮਿਸਨਰ ਅਮਰਜੀਤ ਬੈਂਸ, ਵਰਧਮਾਨ ਸਪੈਸ਼ਲ ਸਟੀਲ ਵੱਲੋਂ ਸਚਿਤ ਜੈਨ, ਅੰਤਰਿਮ ਕਮੇਟੀ ਮੈਂਬਰ ਸਕੱਤਰ ਸੁਲਭਾ ਜਿੰਦਲ, ਅੰਤਰਰਾਸ਼ਟਰੀ ਕੋਚ ਮੰਗਤ ਰਾਏ ਸ਼ਰਮਾ, ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਘ ਅਤੇ ਹੋਰ ਕਈ ਸ਼ਖ਼ਸੀਅਤਾਂ ਹਾਜ਼ਰ ਸਨ।

